ਮੋਹਾਲੀ-ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਬਲਵੰਤ ਸਿੰਘ ਰਾਜੋਆਣਾ ਦੇ ਹਵਾਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਐਸ.ਜੀ.ਪੀ.ਸੀ. ਰਾਹੀਂ ਕੇਂਦਰ ਸਰਕਾਰ ਕੋਲ ਲੰਮੇ ਚਿਰਾਂ ਤੋਂ ਲਟਕ ਰਹੀ ਉਮਰ ਕੈਦ ਦੀ ਦਰਖ਼ਾਸਤ ਨੂੰ ਵਾਪਸ ਲੈਣ ਲਈ ਆਦੇਸ਼ ਦੇਣ ਨੂੰ ਕਿਹਾ ਹੈ। ਜਾਣਕਾਰੀ ਮੁਤਾਬਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 6 ਜੂਨ ਨੂੰ ਘੱਲੂਘਾਰਾ ਦਿਵਸ ’ਤੇ ਕੌਮ ਦੇ ਨਾਂਅ ਦਿਤੇ ਸੰਦੇਸ਼ ਵਿਚ ਕਿਹਾ ਸੀ ਕਿ ਸਾਨੂੰ ਸਰਕਾਰਾਂ ਤੋਂ ਝੋਲੀ ਅੱਡ ਕੇ ਇਨਸਾਫ਼ ਮੰਗਣ ਦੀ ਲੋੜ ਨਹੀਂ। ਜਿਸ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਦੇ ਹਵਾਲੇ ਨਾਲ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਵਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ। ਇਸ ਵਿਚ ਲਿਖਿਆ, ‘‘ਸਿੰਘ ਸਾਹਬ ਜੀ, ਹੁਣ ਜੇਕਰ ਅਸੀਂ ਸਰਕਾਰਾਂ ਤੋਂ ਇਨਸਾਫ਼ ਮੰਗਣਾ ਹੀ ਨਹੀਂ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਇਨਸਾਫ਼ ਲਈ ਕਿਤੇ ਵੀ ਕੋਈ ਅਪੀਲ ਨਾ ਕੀਤੀ ਜਾਵੇ। ਇਸ ਲਈ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਜਾਰੀ ਕਰ ਦਿਉ ਕਿ 2012 ਵਿਚ ਆਪਣੀ ਕੀਤੀ ਹੋਈ ਅਪੀਲ ਨੂੰ ਵਾਪਸ ਲੈ ਲਿਆ ਜਾਵੇ। ਕਿਉਂਕਿ ਤੁਸੀਂ ਕਿਹਾ ਹੈ ਸਰਕਾਰਾਂ ਤੋਂ ਇਨਸਾਫ਼ ਮੰਗਣ ਦੀ ਲੋੜ ਨਹੀਂ ਹੈ। ਇਸ ਲਈ, ਜੇਕਰ ਅਸੀਂ ਕੌਮ ਲਈ ਇਨਸਾਫ਼ ਮੰਗਣਾ ਹੀ ਨਹੀਂ ਹੈ ਤਾਂ ਹੁਕਮਰਾਨਾਂ ਦੀਆਂ ਵਿਆਹ ਸ਼ਾਦੀਆਂ ਵਿਚ ਜਾ ਕੇ ਲੱਡੂ ਖਾਉ, ਭੰਗੜੇ ਪਾਉ, ਜੈਡ ਸੁਰੱਖਿਆ ਲੈ ਕੇ ਆਨੰਦ ਲਵੋ।’’ ਪੂਰੇ ਮਾਮਲੇ ਦੀ ਤਫ਼ਸੀਲ ਸਾਂਝੀ ਕਰਦਿਆਂ ਕਮਲਦੀਪ ਕੌਰ ਰਾਜੋਆਣਾ ਨੇ ਲਿਖਿਆ ਹੈ ਕਿ ਬਲਵੰਤ ਸਿੰਘ ਰਾਜੋਆਣਾ ਕੌਮ ਦੇ ਇਨਸਾਫ਼ ਅਤੇ ਮਾਨ-ਸਨਮਾਨ ਲਈ ਸ਼ੰਘਰਸ ਕਰਦੇ ਹੋਏ ਪਿਛਲੇ 28 ਸਾਲਾਂ ਤੋਂ ਜੇਲ ਵਿਚ ਬੰਦ ਹਨ। ਪਿਛਲੇ 16 ਸਾਲਾਂ ਤੋਂ ਫਾਂਸੀ ਚੱਕੀ ਵਿਚ ਬੈਠੇ ਅਪਣੇ ਕੇਸ ਦੇ ਹੋਣ ਵਾਲੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਕੇਂਦਰ ਸਰਕਾਰ ਵਲੋਂ ਪਿਛਲੇ 12 ਸਾਲਾਂ ਤੋਂ ਇਸ ਅਪੀਲ ਤੇ ਕੋਈ ਫ਼ੈਸਲਾ ਨਹੀਂ ਕੀਤਾ ਜਾ ਰਿਹਾ। ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ’ਚ ਅਖੀਰ ਵਿਚ ਹੁਣ ਸੁਪ੍ਰੀਮ ਕੋਰਟ ਨੇ ਵੀ ਬੇਬੱਸ ਹੋ ਕੇ ਕੇਂਦਰ ਸਰਕਾਰ ਨੂੰ ਕਹਿ ਦਿਤਾ ਕਿ ਜਦੋਂ ਤੁਹਾਨੂੰ ਠੀਕ ਲੱਗੇ ਫ਼ੈਸਲਾ ਕਰ ਲੈਣਾ। ਬਲਵੰਤ ਸਿੰਘ ਰਾਜੋਆਣਾ ਨੇ ਅਪਣੀ ਪੋਸਟ ’ਚ ਇਹ ਵੀ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕੇਂਦਰ ਸਰਕਾਰ ਵਲੋਂ ਰਾਸ਼ਟਰਪਤੀ ਕੋਲ ਅਪੀਲ ’ਤੇ 12 ਸਾਲਾਂ ਤਕ ਫ਼ੈਸਲਾ ਹੀ ਨਾ ਕੀਤਾ ਜਾਵੇ।