ਚੰਡੀਗੜ੍ਹ-‘ਆਪ’ ਸਰਕਾਰ ਨੇ ਵਿੱਤੀ ਸੰਕਟ ਤੋਂ ਆਰਜ਼ੀ ਰਾਹਤ ਲਈ ਹੁਣ ਜੀਐੱਸਟੀ ਮੁਆਵਜ਼ੇ ਦੇ ਕਰੋੜਾਂ ਰੁਪਏ ਦੇ ਬਕਾਏ ’ਤੇ ਟੇਕ ਲਾਈ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਜੇ ਕੇਂਦਰ ਸਰਕਾਰ ਜੀਐੱਸਟੀ ਮੁਆਵਜ਼ੇ ਦੇ ਪੁਰਾਣੇ ਬਕਾਇਆ ਦਾ ਮਸਲਾ ਹੱਲ ਕਰ ਦਿੰਦੀ ਹੈ ਤਾਂ ਇਸ ਨਾਲ ਪੰਜਾਬ ਨੂੰ 5000 ਕਰੋੜ ਰੁਪਏ ਮਿਲ ਸਕਦੇ ਹਨ। ਮੌਜੂਦਾ ਸਮੇਂ ਸੂਬਾ ਸਰਕਾਰ ਵਿੱਤੀ ਵਸੀਲਿਆਂ ਦੀ ਕਮੀ ਨਾਲ ਜੂਝ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੱਲੀ ਵਿੱਚ ਇਸ ਬਾਰੇ ਮੀਟਿੰਗਾਂ ਕੀਤੀਆਂ ਹਨ ਤਾਂ ਜੋ ਜੀਐੱਸਟੀ ਮੁਆਵਜ਼ੇ ਦੇ ਪੁਰਾਣੇ ਬਕਾਏ ਦਾ ਹਿਸਾਬ ਕਿਤਾਬ ਸਿਰੇ ਲਾਇਆ ਜਾ ਸਕੇ।
ਪੰਜਾਬ ਸਰਕਾਰ ਹੁਣ ਪਿਛਲੀ ਸਰਕਾਰ ਦੇ ਸਮੇਂ 2017-18 ਤੋਂ 2021-22 ਤੱਕ ਦੇ ਕਰੀਬ 5000 ਕਰੋੜ ਰੁਪਏ ਦੇ ਬਕਾਇਆ ਜੀਐੱਸਟੀ ਮੁਆਵਜ਼ੇ ਦਾ ਕੇਂਦਰ ਸਰਕਾਰ ਨਾਲ ਨਿਪਟਾਰਾ ਕਰਨ ਵਿੱਚ ਜੁਟੀ ਹੋਈ ਹੈ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਜੇ ਕੇਂਦਰ ਸਰਕਾਰ ਇਸ ਰਾਸ਼ੀ ਦਾ ਨਿਪਟਾਰਾ ਕਰ ਦਿੰਦੀ ਹੈ ਤਾਂ ਸੂਬੇ ਦੀ ਵਿੱਤੀ ਹਾਲਤ ਦਰੁਸਤ ਹੋ ਸਕਦੀ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦਾ ਕੇਂਦਰ ਵੱਲ ਅਨੁਮਾਨਿਤ 5000 ਕਰੋੜ ਰੁਪਏ ਦਾ ਬਕਾਇਆ ਹੈ ਜਦੋਂ ਕਿ ਕੇਂਦਰ ਸਰਕਾਰ ਇਸ ਨੂੰ 3000 ਕਰੋੜ ਦੱਸ ਰਹੀ ਹੈ। ਕਰੀਬ 2000 ਕਰੋੜ ਦਾ ਪਾੜਾ ਸਾਹਮਣੇ ਆ ਰਿਹਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਪਿਛਲੇ ਕੁਝ ਅਰਸੇ ਤੋਂ ਪੰਜਾਬ ਨੂੰ ਵਿੱਤੀ ਫ਼ਰੰਟ ’ਤੇ ਨਪੀੜਨ ਦੇ ਰਾਹ ਪਈ ਹੋਈ ਹੈ। ਹਾਲ ਹੀ ਵਿੱਚ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੀ ਕਰਜ਼ਾ ਲੈਣ ਦੀ ਸੀਮਾ ਵਿੱਚ 18,000 ਕਰੋੜ ਦੀ ਵੱਡੀ ਕਟੌਤੀ ਕੀਤੀ ਹੈ। ਹਾਲਾਂਕਿ ਸੂਬਾ ਸਰਕਾਰ ਨੇ ਕਰਜ਼ਾ ਸੀਮਾ ਵਿੱਚ ਕੀਤੀ ਕਟੌਤੀ ਨੂੰ ਵਾਪਸ ਲੈਣ ਬਾਰੇ ਵੀ ਕੇਂਦਰ ਨੂੰ ਕਿਹਾ ਹੈ।