ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ’ਚ ਰੈਲੀ ਕੀਤੀ ਜਿਸ ਦੌਰਾਨ ਉਹਨਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਿਆ। ਜਾਣਕਾਰੀ ਮੁਤਾਬਕ ਇਸ ਰੈਲੀ ਵਿਚ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਤੁਹਾਡੀ ਵੋਟ ਵੇਚਦੀ ਹੈ। ਇਸ ਦੇ ਵਿਧਾਇਕ ਸਸਤੇ ਭਾਅ ’ਤੇ ਭਾਜਪਾ ਦੇ ਹੱਥਾਂ ’ਚ ਵਿਕਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਚੋਣਾਂ ਤੋਂ ਬਾਅਦ ਕਾਂਗਰਸ ਦਫ਼ਤਰ ’ਚ ਵਿਧਾਇਕ ਸੇਲ ਦਾ ਬੋਰਡ ਲਾ ਦਿੱਤਾ ਜਾਂਦਾ ਹੈ। ਪਿਛਲੀਆਂ ਚੋਣਾਂ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਵੀ ਅਜਿਹਾ ਹੀ ਹੋਇਆ ਸੀ। ਕਾਂਗਰਸ ਆਮ ਆਦਮੀ ਪਾਰਟੀ ਦੀ ਨਕਲ ਕਰਦੀ ਹੈ। ਅਰਵਿੰਦ ਕੇਜਰੀਵਾਲ ਦੀਆਂ ਆਪਣੀਆਂ ਯੋਜਨਾਵਾਂ ਹਨ ਕਿਉਂਕਿ ਉਹ ਰਾਜਨੀਤੀ ਕਰਨ ਨਹੀਂ ਸਗੋਂ ਬਦਲਣ ਆਏ ਹਨ। ਉਹਨਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਸਿੱਖਿਆ ਤੇ ਸਿਹਤ ਵਿੱਚ ਕ੍ਰਾਂਤੀ ਲਿਆਂਦੀ ਹੈ। ਦਿੱਲੀ ’ਚ ਥਾਂ-ਥਾਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਤੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕ੍ਰਾਂਤੀ ਤੋਂ ਇੰਨਾ ਡਰੇ ਹੋਏ ਸਨ ਕਿ ਉਨ੍ਹਾਂ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜ ਦਿੱਤਾ। ਭਾਜਪਾ ਵਾਲੇ ਸਰਕਾਰੀ ਕੰਪਨੀਆਂ ਨੂੰ ਵੇਚ ਰਹੇ ਹਨ। ਪੰਜਾਬ ’ਚ ਸਾਡੀ ਸਰਕਾਰ ਕੰਪਨੀਆਂ ਖਰੀਦ ਰਹੀ ਹੈ। ਅਸੀਂ ਅੱਜ ਇੱਕ ਨਵਾਂ ਤਾਪ ਬਿਜਲੀ ਘਰ ਖਰੀਦਣ ਦਾ ਫੈਸਲਾ ਕੀਤਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਵੱਡੇ ਪੱਧਰ ’ਤੇ ਬਿਜਲੀ ਦਾ ਉਤਪਾਦਨ ਕੀਤਾ ਜਾ ਸਕੇ। ਉਨ੍ਹਾਂ ਬਿਜਲੀ ਦੇ ਮੁੱਦੇ ’ਤੇ ਮੱਧ ਪ੍ਰਦੇਸ਼ ਸਰਕਾਰ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਮੱਧ ਪ੍ਰਦੇਸ਼ ’ਚ ਬਿਜਲੀ ਬਹੁਤ ਮਹਿੰਗੀ ਹੈ ਤੇ ਹਰ ਰੋਜ਼ ਸੱਤ-ਅੱਠ ਘੰਟੇ ਦੇ ਕੱਟ ਲੱਗਦੇ ਹਨ। ਦਿੱਲੀ ’ਚ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਤੇ 24 ਘੰਟੇ ਬਿਜਲੀ ਹੈ। ਪੰਜਾਬ ’ਚ ਵੀ ਸਾਡੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋਣੇ ਸ਼ੁਰੂ ਹੋ ਗਏ ਹਨ। ਮੱਧ ਪ੍ਰਦੇਸ਼ ’ਚ ਵੀ ਸਰਕਾਰ ਬਣਨ ’ਤੇ ਸਾਰਿਆਂ ਨੂੰ ਮੁਫਤ ਤੇ 24 ਘੰਟੇ ਬਿਜਲੀ ਮਿਲੇਗੀ।