ਜਲੰਧਰ/ਚੰਡੀਗੜ੍ਹ-ਪੰਜਾਬ ’ਚ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਚਰਚਾਵਾਂ ਪੂਰੀਆਂ ਫੈਲੀਆਂ ਹੋਈਆਂ ਹਨ। ਇਨ੍ਹਾਂ ਚਰਚਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਅਤੇ ਜਿਥੇ ਉਹਨਾਂ ਕਿਹਾ ਕਿ ਸਾਡਾ ਗੱਠਜੋੜ ਬਸਪਾ ਨਾਲ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਦੀ ਸੀਨੀਅਰ ਆਗੂਆਂ ਨਾਲ ਬੈਠਕ ਹੋਈ ਸੀ ਤੇ ਅੱਜ ਉਹ ਜ਼ਿਲ੍ਹਾ ਪ੍ਰਧਾਨਾਂ ਨਾਲ ਬੈਠਕ ਕਰ ਰਹੇ ਹਨ। ਮੀਟਿੰਗ ਸਬੰਧੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਿਰਫ਼ ਰੁਟੀਨ ਮੀਟਿੰਗ ਹੈ। ਹਾਲਾਂਕਿ ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਸਨ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦਨਜ਼ਰ ਅਕਾਲੀ-ਭਾਜਪਾ ਅਤੇ ਬਸਪਾ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਭ ਕੁਝ ਤੈਅ ਹੋ ਗਿਆ ਹੈ, ਸਿਰਫ਼ ਰਸਮੀ ਐਲਾਨ ਹੋਣਾ ਬਾਕੀ ਹੈ, ਜੋ ਕਿ ਕਿਸੇ ਵੀ ਸਮੇਂ ਹੋ ਸਕਦਾ ਹੈ। ਇਹ ਵੀ ਚਰਚਾ ਹੈ ਕਿ ਐੱਨ. ਡੀ. ਏ. ਮੋਦੀ ਸਰਕਾਰ ਦੀ ਕੈਬਨਿਟ ਦੇ ਵਿਸਥਾਰ ਅਤੇ ਫੇਰਬਦਲ ਦੌਰਾਨ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਨੂੰ ਮੁੜ ਮੰਤਰੀ ਬਣਾਇਆ ਜਾ ਸਕਦਾ ਹੈ।