ਮੋਗਾ-ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਬੀਤੇ ਕਈ ਦਿਨਾਂ ਤੋਂ ਠੰਡ ਆਪਣਾ ਕਹਿਰ ਢਾਹ ਰਹੀ ਹੈ| ਮੌਸਮ ਵਿਭਾਗ ਵਲੋਂ ਜਾਰੀ ਕੀਤੀਆਂ ਚਿਤਾਵਨੀਆਂ ਅਨੁਸਾਰ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ| ਜਾਣਕਾਰੀ ਮੁਤਾਬਕ ਸ਼ਾਮ ਤੱਕ ਪੰਜਾਬ ਦੇ ਬਹੁਤੇ ਇਲਾਕੇ ਸੰਘਣੀ ਧੁੰਦ ਦੀ ਲਪੇਟ ਵਿਚ ਆ ਗਏ ਜਿਸ ਕਾਰਣ ਸੜਕਾਂ ’ਤੇ ਵਿਜ਼ੀਬਿਲਟੀ ਜ਼ੀਰੋ ਦੇ ਬਰਾਬਰ ਰਹੀ ਅਤੇ ਵਾਹਨ ਸੜਕਾਂ ’ਤੇ ਧੀਮੀ ਗਤੀ ਵਿਚ ਚੱਲਦੇ ਨਜ਼ਰ ਆਏ| ਦੱਸ ਦਈਏ ਕਿ ਮੌਸਮ ਵਿਭਾਗ ਆਉਣ ਵਾਲੇ 4 ਦਿਨ ਤਾਪਮਾਨ ਵਿਚ ਲਗਾਤਾਰ ਗਿਰਾਵਟ ਆਉਣ ਦੀ ਚਿਤਾਵਨੀ ਜਾਰੀ ਕਰ ਚੁੱਕਾ ਹੈ| 5 ਜਨਵਰੀ ਤਕ ਕੜਾਕੇ ਦੀ ਠੰਡ ਅਤੇ ਸ਼ੀਤ ਲਹਿਰ ਦੀ ਗੱਲ ਆਖੀ ਗਈ ਹੈ| ਵਿਭਾਗ ਦੀ ਚਿਤਾਵਨੀ ਅਨੁਸਾਰ ਮਾਝਾ ਅਤੇ ਦੋਆਬਾ ਧੁੰਦ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਣਗੇ| ਦੂਜੇ ਪਾਸੇ ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ ਵਿਚ 6 ਜਨਵਰੀ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ| ਇਸ ਤੋਂ ਇਲਾਵਾ ਧੁੰਦ ਕਾਰਣ ਅੰਮ੍ਰਿਤਸਰ-ਚੰਡੀਗੜ੍ਹ ਅਤੇ ਅੰਮ੍ਰਿਤਸਰ-ਦਿੱਲੀ ਰੂਟ ਸਭ ਤੋਂ ਵੱਧ ਪ੍ਰਭਾਵਤ ਹੋਇਆ| ਪੰਜਾਬ ਸਰਕਾਰ ਨੇ ਵੀ ਕੜਾਕੇ ਦੀ ਠੰਡ ਅਤੇ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਦੇਖਦੇ ਹੋਏ 8 ਜਨਵਰੀ ਤੱਕ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ ਹਨ|