ਚੰਡੀਗੜ੍ਹ-ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਬਿਆਨਬਾਜ਼ੀ ਕੀਤੀ ਗਈ ਜਿਸ ਕਾਰਨ ਅਕਾਲੀਆਂ ਅੰਦਰ ਚਰਚਾ ਛਿੜੀ ਹੋਈ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਵਾਰਸ ਦੱਸੇ ਜਾਣ ਬਾਅਦ ਅਕਾਲੀਆਂ ਅੰਦਰ ਨਵੀਂ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਕਿ ਬਾਦਲ ਦਲ ਵਾਲੇ ਭਾਵੇਂ ਲਗਾਤਾਰ ਭਾਜਪਾ ਨਾਲ ਗੱਠਜੋੜ ਲਈ ਤਰਲੋ ਮੱਛੀ ਹੋ ਰਹੇ ਹਨ ਪਰ ਐਨਡੀਏ ਦੀ ਮੀਟਿੰਗ ’ਚ ਬਾਦਲ ਦਲ ਤੋਂ ਵੱਖ ਅਕਾਲੀ ਆਗੂ ਢੀਂਡਸਾ ਨੂੰ ਸੁਖਬੀਰ ਨੂੰ ਛੱਡ ਕੇ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ। ਉਹ ਜਸਟਿਸ ਨਿਰਮਲ ਸਿੰਘ ਸਮੇਤ ਇਸ ਮੀਟਿੰਗ ਵਿਚ ਸ਼ਾਮਲ ਵੀ ਹੋਏ ਅਤੇ ਸਿੱਖਾਂ ਤੇ ਪੰਜਾਬ ਦੇ ਅਹਿਮ ਮੁੱਦੇ ਵੀ ਚੁੱਕੇ। ਇਨ੍ਹਾਂ ਬਾਰੇ ਵੀ ਪ੍ਰਧਾਨ ਮੰਤਰੀ ਨੇ ਹੁੰਗਾਰਾ ਦਿੰਦਿਆ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵਿਸ਼ੇਸ਼ ਕਮੇਟੀ ਬਣਾਉਣ ਦੀ ਹਦਾਇਤ ਕੀਤੀ ਹੈ। ਵਰਣਨਯੋਗ ਹੈ ਕਿ ਮੀਟਿੰਗ ਤੋਂ ਬਾਅਦ ਜਸਟਿਸ ਨਿਰਮਲ ਸਿੰਘ ਨੇ ਪ੍ਰਗਟਾਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਸੁਖਬੀਰ ਬਾਦਲ ਦੀ ਥਾਂ ਢੀਂਡਸਾ ਨੂੰ ਵੱਧ ਅਹਿਮੀਅਤ ਦਿਤੀ ਹੈ। ਇਸ ਨਾਲ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਭਵਿੱਖ ਵਿਚ ਵੀ ਸੁਖਬੀਰ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਭਾਜਪਾ ਦਾ ਗੱਠਜੋੜ ਨਹੀਂ ਹੋਵੇਗਾ।