ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਬਨਵਾਰੀ ਲਲ ਪੁਰੋਹਿਤ ਹਾਲ ਹੀ ਵਿਚ ਪੰਜਾਬ ਦੇ ਵਿਧਾਨਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਇਸ ਵਿਚ ਪਾਸ ਕੀਤੇ ਚਾਰੋ ਬਿੱਲਾਂ ’ਤੇ ਹਸਤਾਖ਼ਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਖਿੱਚੋਤਾਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਕ ਇਸ ਜਵਾਬ ’ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਰਾਜਪਾਲ ਨੂੰ ਯਾਦ ਦੁਆਇਆ ਹੈ ਕਿ ਉਨ੍ਹਾਂ ਵੱਲੋਂ ਤਾਂ ਬਜਟ ਸੈਸ਼ਨ ਨੂੰ ਵੀ ਮਨਜ਼ੂਰੀ ਨਹੀਂ ਸੀ ਦਿੱਤੀ ਗਈ, ਪਰ ਸੁਪਰੀਮ ਕੋਰਟ ਵਿਚ ਜਾ ਕੇ ਇਜਾਜ਼ਤ ਦੇ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਯੂਨੀਵਰਸਿਟੀ ਵਿਖੇ ਬਣ ਰਹੇ ਨਵੇਂ ਹੋਸਟਲ ਦਾ ਨਿਰੀਖਣ ਕਰਨ ਲਈ ਪੁੱਜੇ ਸਨ। ਇਸ ਮੌਕੇ ਪੱਤਰਕਾਰਾਂ ਵੱਲੋਂ ਰਾਜਪਾਲ ਦੀ ਚਿੱਠੀ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਥੋੜ੍ਹਾ ਇੰਤਜ਼ਾਰ ਕਰੋ, ਚਾਰੋ ਬਿੱਲ ਪਾਸ ਹੋ ਜਾਣਗੇ। ਵਿਧਾਨ ਸਭਾ ਸੈਸ਼ਨ ਦੀ ਕਾਨੂੰਨੀ ਪ੍ਰਮਾਣਕਿਤਾ ਬਾਰੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਬਿਆਨ ਉਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਤੁਹਾਡੇ ਨਜ਼ਰੀਏ ਤੋਂ ਤਾਂ ਬਜਟ ਸੈਸ਼ਨ ਵੀ ਗ਼ੈਰ-ਕਾਨੂੰਨੀ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰਾਜਪਾਲ ਨੂੰ ਕਾਨੂੰਨੀ ਪਹਿਲੂਆਂ ਬਾਰੇ ਯਾਦ ਕਰਵਾਉਣ ਤੋਂ ਬਾਅਦ ਹੀ ਉਨ੍ਹਾਂ ਇਸ ਸੈਸ਼ਨ ਦੀ ਪ੍ਰਵਾਨਗੀ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸੈਸ਼ਨ ਭਾਰਤ ਦੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੇ ਅਨੁਕੂਲ ਸੀ ਅਤੇ ਇਹ ਪੂਰੀ ਤਰ੍ਹਾਂ ਜਾਇਜ਼ ਸੀ। ਇਸ ਲਈ ਸੈਸ਼ਨ ਵਿਚ ਪਾਸ ਕੀਤੇ ਗਏ ਚਾਰੋ ਬਿੱਲ ਪਾਸ ਹੋਣਗੇ, ਬੱਸ ਥੋੜ੍ਹਾ ਜਿਹਾ ਇੰਤਜ਼ਾਰ ਕਰੋ। ਦੱਸ ਦਈਏ ਕਿ ਪੰਜਾਬ ਦੀ ਵਿਧਾਨਸਭਾ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੁਫ਼ਤ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਿੱਖ ਗੁਰਦੁਆਰਾ ਐਕਟ 1925 ਵਿਚ ਸੋਧ ਕਰ ਕੇ ਨਵੀਂ ਧਾਰਾ ਜੋੜਣ ਸਮੇਤ 4 ਬਿੱਲ ਪਾਸ ਕੀਤੇ ਗਏ ਸਨ। ਇਨ੍ਹਾਂ ਬਿੱਲਾਂ ਨੂੰ ਰਾਜਪਾਲ ਦੇ ਹਸਤਾਖ਼ਰ ਲਈ ਭੇਜਿਆ ਗਿਆ ਸੀ। ਪਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਹ ਕਹਿ ਕੇ ਇਨ੍ਹਾਂ ਬਿੱਲਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਕਿ ਵਿਧਾਨਸਭਾ ਦਾ ਇਹ ਸੈਸ਼ਨ ਗੈਰ-ਸੰਵਿਧਾਨਕ ਸੀ। ਇਸ ਲਈ ਇਸ ਸੈਸ਼ਨ ਵਿਚ ਪਾਸ ਕੀਤੇ ਗਏ ਚਾਰੋ ਬਿੱਲ ਕਾਨੂੰਨ ਦਾ ਉਲੰਘਨ ਹੈ। ਉਨ੍ਹਾਂ ਕਿਹਾ ਸੀ ਕਿ ਉਹ ਇਸ ਬਾਰੇ ਦੇਸ਼ ਦੇ ਅਟਾਰਨੀ ਜਨਰਲ ਦੀ ਸਲਾਹ ਲੈਣਗੇ ਤੇ ਉਸ ਤੋਂ ਬਾਅਦ ਹੀ ਪਾਸ ਕੀਤੇ ਗਏ ਬਿੱਲਾਂ ’ਤੇ ਫ਼ੈਸਲਾ ਲੈਣਗੇ।