Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ’ਚ ਮਨਪ੍ਰੀਤ ਬਾਦਲ ’ਤੇ ਕੱਸਿਆ ਤੰਜ਼

  • Punjabi Bulletin
  • Jul 27, 2023
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ’ਚ ਮਨਪ੍ਰੀਤ ਬਾਦਲ ’ਤੇ ਕੱਸਿਆ ਤੰਜ਼
  • 105 views

ਚੰਡੀਗੜ੍ਹ-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹ ਭਾਜਪਾ ਆਗੂ ਦੀ ਨੌਟੰਕੀ, ਸ਼ਾਇਰਾਨਾ ਗੱਲਬਾਤ ਅਤੇ ਸਵੈ-ਘੋਸ਼ਿਤ ਇਮਾਨਦਾਰੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਪੰਜਾਬ ਸਾਬਕਾ ਮੰਤਰੀ ਦੇ ਗਲਤ ਕਾਰਨਾਮਿਆਂ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ, ਜੋ ਕਿ ਕਾਫੀ ਲੰਬਾ ਸਮਾਂ ਸੂਬੇ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ, ਦੀ ਸੂਬੇ ਨੂੰ ਬਰਬਾਦ ਕਰਨ ਵਾਲੇ ਅਨਸਰਾਂ ਨਾਲ ਮਿਲੀਭੁਗਤ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਭਲਾਈ ਲਈ ਤਾਂ ਸੂਬੇ ਦਾ ਖਜ਼ਾਨਾ ਹਮੇਸ਼ਾ ਖਾਲੀ ਰਿਹਾ ਪਰ ਜਨਤਾ ਦੇ ਪੈਸੇ ਦੀ ਅੰਨ੍ਹੇਵਾਹ ਲੁੱਟ ਹੋਣ ਦਿਤੀ ਗਈ।  ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਖਜ਼ਾਨੇ ਨੂੰ ਲੋਕਾਂ ਦੀ ਭਲਾਈ ਦੀ ਪ੍ਰਵਾਹ ਕੀਤੇ ਬਿਨਾਂ ਸਾਬਕਾ ਮੰਤਰੀ ਦੀਆਂ ਇੱਛਾਵਾਂ ਅਨੁਸਾਰ ਵਰਤਿਆ ਗਿਆ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਉਹ ਸਾਬਕਾ ਮੰਤਰੀ ਵੱਲੋਂ ਆਪਣੀ ਗੱਡੀ ਖੁਦ ਚਲਾਉਣ ਅਤੇ ਟੋਲ ਟੈਕਸ ਭਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਦਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਦੇ ਆਲੀਸ਼ਾਨ ਬਾਗਾਂ ਵਿਚ ਪੈਦਾ ਹੋਣ ਵਾਲੇ ਹਰ ਫਲ ਦਾ ਪੂਰਾ ਰਿਕਾਰਡ ਸੂਬਾ ਸਰਕਾਰ ਕੋਲ ਮੌਜੂਦ ਹੈ। ਦਰਅਸਲ ਬੀਤੇ ਦਿਨੀਂ ਵਿਜੀਲੈਂਸ ਸਾਹਮਣੇ ਪੇਸ਼ੀ ਮਗਰੋਂ ਮਨਪ੍ਰੀਤ ਬਾਦਲ ਨੇ ਕਿਹਾ, “ਮੈਂ 9 ਸਾਲ ਮੰਤਰੀ ਰਿਹਾ ਹਾਂ, ਕਦੇ ਸਰਕਾਰੀ ਗੱਡੀ ਨਹੀਂ ਵਰਤੀ। ਮੈਂ ਕਿਸੇ ਦੀ ਚਾਹ ਦੇ ਕੱਪ ਦਾ ਵੀ ਰਵਾਦਾਰ ਨਹੀਂ ਹਾਂ।  ਮੇਰੀਆਂ 3 ਮੋਟਰਾਂ ਹਨ, ਉਨ੍ਹਾਂ ਦਾ ਬਿੱਲ ਮੈਂ ਖ਼ੁਦ ਭਰਦਾ ਹਾਂ, ਜਦੋਂ ਕਿ ਹੋਰਨਾਂ ਕਿਸਾਨਾਂ ਦੀ ਬਿਜਲੀ ਮੁਆਫ਼ ਹੈ। ਜੇ ਮੈਂ ਕੋਈ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਮੈਥੋਂ ਵਿਜੀਲੈਂਸ ਜਾਂ ਕੋਈ ਹੋਰ ਏਜੰਸੀ ਸਿਰਫ਼ ਪੁੱਛਗਿੱਛ ਨਾ ਕਰੇ, ਸਗੋਂ ਮੈਨੂੰ ਚੌਰਾਹੇ ’ਚ ਲਿਜਾ ਕੇ ਗੋਲੀ ਮਾਰ ਦਿੱਤੀ ਜਾਵੇ”। ਦੱਸ ਦਈਏ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਲਿਖਿਆ 

‘‘ਤੂ ਇਧਰ ਉਧਰ ਕੀ ਨ ਬਾਤ ਕਰ ਯੇ ਬਤਾ ਕਿ ਕਾਫਲਾ ਕਿਉਂ ਲੁਟਾ, 

ਮੁਝੇ ਰਹਜਨੋਂ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ’’

ਇਸ ਤੋਂ ਪਿੱਛੋਂ ਉਹਨਾਂ ਕਿਹਾ ਕਿ ਤੁਹਾਡੀ ਭਾਸ਼ਾ ਵਿਚ ਸ਼ੇਅਰ ਹਾਜ਼ਰ ਹੈ ਅਤੇ ਜਵਾਬ ਦੀ ਉਡੀਕ ਰਹੇਗੀ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024