ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਮਨਾਂ ਵਿੱਚ ਪਈ ਦੂਰੀ ਖਤਮ ਨਹੀਂ ਹੋ ਰਹੀ। ਜਾਣਕਾਰੀ ਮੁਤਾਬਕ ਅੱਜ ਮੁੜ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਤੇ ਪਿਛਲੀਆਂ ਚਿੱਠੀਆਂ ਦਾ ਜਵਾਬ ਮੰਗਿਆ। ਇ ਮੌਕੇ ਗਵਰਨਰ ਨੇ ਪਹਿਲਾਂ ਵਾਲੀਆਂ ਚਿੱਠੀਆਂ ਦਾ ਜਵਾਬ ਨਾ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਲਟਵਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ‘ਵਿਹਲਾ’ ਸ਼ਬਦ ਵਰਤਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਸੰਵਿਧਾਨ ਦਾ ਹਵਾਲਾ ਦੇ ਕੇ ਚਿੱਠੀਆਂ ਦਾ ਜਵਾਬ ਮੰਗਿਆ ਹੈ। ਚਿੱਠੀ ਵਿਚ ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਹਨਾਂ ਅਪਮਾਨਜਨਕ ਸ਼ਬਦਾਂ ਨਾਲ ਉਹ ਆਪਣਾ ਕੰਮ ਕਰਨਾ ਬੰਦ ਨਹੀਂ ਕਰਨਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਰਾਜਪਾਲ ਨੇ ਚਿੱਠੀ ਵਿਚ ਆਟਾ ਦਾਲ ਸਕੀਮ ਬਾਰੇ ਵੀ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਾਲ ਹੀ ਵਿਚ ਇਹ ਪਤਾ ਲੱਗਿਆ ਹੈ ਕਿ ਸਰਕਾਰ ਆਟਾ ਦਾਲ ਸਕੀਮ ਲੈ ਕੇ ਆ ਰਹੀ ਪਰ ਮੈਂ ਇਸ ਸਕੀਮ ਨੂੰ ਲੈ ਕੇ ਪਿਛਲੇ ਸਾਲ ਸਤੰਬਰ ਵਿਚ ਜਵਾਬ ਮੰਗਿਆ ਸੀ ਪਰ ਮੈਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਸੰਵਿਧਾਨ ਦੀ ਧਾਰਾ 167 ਦੇ ਤਹਿਤ ਜਾਣਕਾਰੀ ਦੇ ਲਗਭਗ 6 ਮਹੀਨੇ ਲੰਘ ਜਾਣ ਤੋਂ ਬਾਅਦ ਉਹਨਾਂ ਵੱਲੋਂ ਕੁੱਝ ਵੀ ਨਹੀਂ ਸੁਣਿਆ ਗਿਆ। ਇਸ ਲਈ ਅੱਜ ਉਹਨਾਂ ਨੇ ਇਹ ਪੱਤਰ ਭੇਜਿਆ ਹੈ ਤੇ ਜਵਾਬ ਮੰਗਿਆ ਹੈ।