ਅੰਮ੍ਰਿਤਸਰ-ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਇਕ ਗੈਰ-ਸਿੱਖ ਦੀ ਨਿਯੁਕਤੀ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਕੀਤਾ ਅਤੇ ਫ਼ੈਸਲੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣਾ ਇਹ ਵਿਰੋਧ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਏਕਨਾਥ ਸੰਭਾਜੀ ਸ਼ਿੰਦੇ ਨੂੰ ਇਕ ਈਮੇਲ ਭੇਜ ਕੇ ਦਰਜ ਕਰਵਾਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਕ ਗੈਰ-ਸਿੱਖ ਅਧਿਕਾਰੀ ਨੂੰ ਗੁਰਦੁਆਰਾ ਬੋਰਡ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ, ਨਾਂਦੇੜ ਦਾ ਪ੍ਰਸ਼ਾਸਕ ਨਿਯੁਕਤ ਕਰਨਾ ਸਿੱਖ ਭਾਵਨਾਵਾਂ ਅਤੇ ਮਰਿਯਾਦਾ ਅਨੁਸਾਰ ਨਹੀਂ ਹੈ। ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਸਿੱਖ ਸੰਗਤ ਵਿਚ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਅੰਦਰ ਤਖ਼ਤ ਸਾਹਿਬਾਨ ਦੀ ਭੂਮਿਕਾ ਸਿੱਖ ਮਰਿਯਾਦਾ ਲਾਗੂ ਕਰਨ ਵਾਸਤੇ ਅਗਵਾਈ ਕਰਨਾ ਅਤੇ ਸਮੇਂ ਸਮੇਂ ਨਿਰਦੇਸ਼ ਦੇਣਾ ਹੈ, ਇਸ ਲਈ ਕਿਸੇ ਗੈਰ-ਸਿੱਖ ਵਿਅਕਤੀ ਨੂੰ ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਬੰਧਕ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੋਈ ਗ਼ੈਰ-ਸਿੱਖ ਵਿਅਕਤੀ ਸਿੱਖ ਭਾਵਨਾਵਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਿਸ ਤਰ੍ਹਾਂ ਚਲਾ ਸਕਦਾ ਹੈ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਸਿੱਖ ਵਿਰੋਧੀ ਫੈਸਲਾ ਹੈ, ਜਿਸ ਨੂੰ ਤੁਰੰਤ ਵਾਪਿਸ ਲਿਆ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਦੇ ਨਾਲ ਹੀ ਗੁਰਦੁਆਰਾ ਬੋਰਡ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨ ਗਰ ਸਾਹਿਬ ਨਾਂਦੇੜ ਦੀ ਚੋਣ ਕਰਵਾਉਣ ਦੀ ਵੀ ਮੰਗ ਕੀਤੀ ਹੈ।