Poems

ਪੰਜਾਬੀ ਟੀਚਰ

  • Punjabi Bulletin
  • Aug 07, 2023
ਪੰਜਾਬੀ ਟੀਚਰ
  • 489 views

ਮੈਂ ‘ਧੂੜਕੋਟ-ਰਣਸੀਂਹ’ ਹਾਈ ਸਕੂਲ

ਵਿੱਚ ਪੜ੍ਹਦਾ ਸੀ
ਵਧੀਆ “ਸੰਨੀ ਡੇਅ” ਸੀ
ਪੰਜਾਬੀ ਦੀ ਕਲਾਸ ਸੀ
ਮਾਸਟਰ ਜੀ ਆਏ
ਸਾਨੂੰ ਕਹਿੰਦੇ,
ਆਪਣੀ ਕਿਤਾਬ ਖੋਲੋ
ਸ਼ਹੀਦ ਊਧਮ ਸਿੰਘ ਵਾਲਾ ਪਾਠ ਪੜ੍ਹੋ 
ਗੱਲਾਂ ਨਹੀਂ ਕਰਨੀਆਂ 
ਰੌਲ਼ਾ ਨਹੀਂ ਪਾਉਣਾ
ਉਹ ਆਪ ਕੁਰਸੀ ਤੇ ਬੈਠ ਗਿਆ
ਪੈਰ ਉਸਨੇ ਮੇਜ਼ ਤੇ ਰੱਖ ਲਏ
ਥੋੜਾ ਸੌਖਾ ਹੋ ਗਿਆ
ਪਿੱਪਲ ਦੇ ਪੱਤੇ ਦੀ ਡੰਡੀ ਨਾਲ
ਆਪਣੇ ਕੰਨ ਵਿੱਚੋਂ ਮੈਲ ਕੱਢਣ ਲੱਗ ਪਿਆ

ਜਿਸ ਤਰਾਂ ਕੋਈ ਆਸ਼ਕ
ਮਸ਼ੂਕਾ ਦੇ ਪੱਟਾਂ ਤੇ ਸਿਰ ਰੱਖ ਕੇ 
ਦੂਰ ਕਿਤੇ ਤਾਰਿਆਂ ਵਿੱਚ ਗੁਆਚ ਜਾਂਦਾ ਹੈ
ਮੈਂ ਕਿਤਾਬ ਪੱਟਾਂ ਤੇ ਰੱਖ ਕੇ 
ਸੋਚਾਂ ਦੇ ਸਮੁੰਦਰ ਵਿੱਚ 
ਕਿਧਰੇ ਗੁਆਚ ਗਿਆ
ਗ਼ੋਤੇ ਖਾਣ ਲੱਗਿਆ

ਉਦੋਂ ਹੀ ਪਤਾ ਲੱਗਿਆ
ਜਦੋਂ ਥਾੜ ਕਰਦੀ ਚਪੇੜ ਨੇ
ਸੱਜੇ ਕੰਨ ਨੂੰ ਸ਼ੀਂ …ਸ਼ੀਂ…ਕਰਨ ਲਾ ਦਿੱਤਾ
ਮੈਂ ਤ੍ਰਬਕ ਕੇ ਉੱਠ ਖੜ੍ਹਾ ਹੋਇਆ
ਥੋੜ੍ਹਾ ਸੰਭਲ਼ਿਆ 

ਮਾਸਟਰ ਜੀ ਕਹਿੰਦੇ 
ਕਿਹੜੀ ਮਾਂ ਦੀ ਬੁੱਕਲ ਵਿੱਚ ਬੈਠਾ ਸੀ ਓਏ ?

ਕੀ ਸੋਚਦਾ ਸੀ ?
ਦੱਸ ਸਾਰੀ ਜਮਾਤ ਨੂੰ
ਮੈਂ ਕੰਬਦੇ ਕੰਬਦੇ ਨੇ ਕਿਹਾ
ਮਾਸਟਰ ਜੀ ਕੁਝ ਵੀ ਨਹੀਂ

ਹੁਣੇ ਦੱਸ ਸਾਰੀ ਜਮਾਤ ਨੂੰ
ਨਹੀਂ ਤਾਂ ਖੱਬੇ ਪਾਸੇ ਵੀ ਆਊ 
ਇੱਕ ਕਰਾਰੀ ਜਿਹੀ

ਜੀ! …ਜੀ…ਜੀ….
ਮੈਂ ਸੋਚਦਾ ਸੀ
ਲੀਡਰਾਂ ਦੇ, ‘ਤੇ ਮੰਤਰੀਆਂ ਦੇ ਬੱਚੇ ਸ਼ਹੀਦ ਕਿਉਂ ਨਹੀਂ ਹੁੰਦੇ ?
ਰਾਜਿਆਂ ਦੇ, ਜੱਜਾਂ ਦੇ ‘ਤੇ ਵੱਡੇ ਅਫਸਰਾਂ ਦੇ ਬੱਚੇ ਸ਼ਹੀਦ ਕਿਉਂ ਨਹੀਂ ਹੁੰਦੇ ?
ਚਿੱਟੀ ਸਿਉਂਕ ‘ਤੇ ਭਗਵਿਆਂ ਦੇ ਬੱਚੇ ਸ਼ਹੀਦ ਕਿਉਂ ਨਹੀਂ ਹੁੰਦੇ ?

ਕਿਸੇ ਗਰੀਬ ਬਾਬੇ ਕਿਸ਼ਨ ਸਿੰਘ ਦਾ 
ਪੋਤਾ ਹੀ ਕਿਉਂ ਸ਼ਹੀਦ ਹੁੰਦਾ ਹੈ ? 
ਕਿਉਂ ਕਿਸੇ ਗੁਰਮੁਖ ਸਿੰਘ ਦੇ 
ਇਕਲੌਤੇ ਜਵਾਨ ਪੁੱਤਰ ਦੀ ਲਾਸ਼ ਬਾਰਡਰ ਤੋਂ 
ਤਾਬੂਤ ਵਿੱਚ ਲਿਪਟੀ ਪਿੰਡ ਪਹੁੰਚਦੀ ਹੈ ?

ਤੇ ਉਹ ਲੀਡਰ 
ਪਹਿਲਾਂ ਆਪ ਰਾਜ ਕਰਦੇ ਨੇ
ਫਿਰ ਉਹਨਾਂ ਦੀ ਔਲਾਦ
ਰਾਜ ਅਧਿਕਾਰੀ ਕਿਉਂ ਹੋ ਜਾਂਦੀ ਹੈ ?
ਕੀ ਉਹ ਰਾਜ ਕਰਨ ਦੀ
ਕੋਈ ਖਾਸ ਦੁਆਈ ਖਾਂਦੇ ਨੇ ?

‘ਤੂੰ ਨਹੀਂ ਦਸਵੀਂ ਪਾਸ ਕਰਦਾ
ਪੱਕਾ ਫ਼ੇਲ੍ਹ ਹੋਵੇਂਗਾ  
ਤੇਰਾ ਦਿਮਾਗ਼
ਵਾਹਿਯਾਤ ਗੱਲਾਂ ਸੋਚਦਾ ਰਹਿੰਦੈ 
ਤੇਰਾ ਦਿਮਾਗ਼ ਐਵੇਂ ਹੀ
ਵਾਹਿਯਾਤ ਗੱਲਾਂ ਸੋਚਦਾ ਰਹਿੰਦੈ।’ 

ਇਹ ਕਹਿ ਕੇ 
ਮਾਸਟਰ ਜੀ ਚੁੱਪ ਹੋ ਗਏ 
ਆਪਣੀ ਉਂਗਲ਼ ਦੰਦਾਂ ਵਿੱਚ ਘੁੱਟ ਕੇ
ਕੁਰਸੀ ਤੇ ਜਾ ਬੈਠੇ
ਹੁਣ ਉਹਨਾਂ ਦੇ ਸਿਰ ਨੂੰ 
ਉਹ ਹੱਥ ਸਹਾਰਾ ਦੇ ਰਿਹਾ ਸੀ 
ਜਿਸ ਨੇ ਮੇਰੇ ਕੰਨ ਨੂੰ 
ਸ਼ੀਂ …ਸ਼ੀਂ ਕਰਨ ਲਾਇਆ ਸੀ।

ਸੰਨੀ ਧਾਲੀਵਾਲ 
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2025