ਇਕ ਦਿਨ ਦੇਖਿਆ ਬਾਗ਼ ਚ ਜਾ ਕੇ
ਚਹੁੰ ਪਾਸੇ ਮੈਂ ਨਜ਼ਰ ਘੁਮਾ ਕੇ
ਨਾ ਕੋਈ ਹੱਸੇ ਨਾ ਕੋਈ ਗਾਵੇ
ਸਭ ਫੁੱਲ ਬੈਠੇ ਮੂੰਹ ਲਟਕਾ ਕੇ
ਮੈਂ ਪੁੱਛਿਆ ਕਿਸ ਗੱਲੋਂ ਉਦਾਸ
ਗੇਂਦੇ ਨੇ ਗੱਲ ਕੀਤੀ ਸਾਫ਼
ਕਹਿੰਦਾ ਜੇ ਨਾ ਤਿੱਤਲੀ ਆਵੇ
ਨਾ ਕੋਈ ਹੱਸੇ ਨਾ ਕੋਈ ਗਾਵੇ
ਤਿੱਤਲੀ ਬਿਨਾਂ ਹਾਂ ਅਸੀਂ ਅਧੂਰੇ
ਉਹਦੀ ਚਹੋੋ ਨਾਲ ਖਿੜਦੇ ਪੂਰੇ
ਏਨੇ ਨੂੰ ਕਿਸੇ ਦਰ ਖੜਕਾਇਆ
ਡੇਲੀਆ ਇੱਕ ਖੁਸ਼ਖ਼ਬਰੀ ਲਿਆਇਆ
ਆ ਗਈ ਵੀਰੋ ਭੈਣ ਦੁਲਾਰੀ
ਪਰ ਉਦਾਸ ਹੈ ਸੂਰਤ ਪਿਆਰੀ
ਸਭ ਨੇ ਪੁੱਛਿਆ ਕੀ ਗੱਲ ਹੋਗੀ
ਦਸ ਕਹਾਣੀ ਖੋਲ੍ਹ ਕੇ ਸਾਰੀ
ਤਿੱਤਲੀ ਬੋਲੀ —
ਇਕ ਦਿਨ ਬੱਚਿਆਂ ਫੜਨਾ ਚਾਹਿਆ
ਕਿਸੇ ਨੇ ਇੱਕ ਡੰਡਾ ਲਹਿਰਾਇਆ
ਖਹਿ ਕੇ ਲੰਘਿਆ ਖੰਭਾਂ ਨਾਲ
ਆਪਣਾ ਆਪ ਮੈਂ ਮਸਾਂ ਬਚਾਇਆ
ਚੁਸਤੀ ਨਾਲ ਬਚਾ ਲਿਆ ਚਿਹਰਾ
ਪਰ ਜ਼ਖ਼ਮੀ ਖੰਭ ਹੋ ਗਿਆ ਮੇਰਾ
ਚੱਕਰ ਖਾ ਕੇ ਧਰਤ ਤੇ ਡਿੱਗੀ
ਅੱਖਾਂ ਮੂਹਰੇ ਛਾ ਗਿਆ ਹਨ੍ਹੇਰਾ
ਉਹਦੀ ਮਾਂ ਨੇ ਚਾਂਟਾ ਲਾਇਆ
ਸਾਰੇ ਬੱਚਿਆਂ ਨੂੰ ਸਮਝਾਇਆ
ਕਹਿੰਦੀ ਮੰਗੋ ਮਾਫ਼ੀ ਸਾਰੇ
ਸਭ ਨੇ ਕੰਨਾਂ ਨੂੰ ਹੱਥ ਲਾਇਆ
ਬੱਚੇ ਸੀ ਮੈਂ ਕਰਤਾ ਮਾਫ
ਪਰ ਇੱਕ ਗੱਲ ਮੈਂ ਆਖੀ ਸਾਫ਼
ਕਦੇ ਕਿਸੇ ਨੂੰ ਤੰਗ ਨਾ ਕਰਨਾ
ਹਿੰਸਾ ਦੇ ਸਭ ਰਹੋ ਖ਼?ਲਾਫ਼
ਕਰਿਓ ਨਾ ਮੁੜ ਐਸੀ ਭੁੱਲ
ਮੈਂ ਮਰਗੀ ਨਾ ਖਿੜਨ ਫੁੱਲ
ਫੁੱਲ ਤਿੱਤਲੀਆਂ ਬੱਚੇ ਸਾਰੇ
ਹੱਸਦੇ ਰਹਿਣ ਤਾਂ ਲੱਗਣ ਪਿਆਰੇ
ਮਾ. ਪ੍ਰੇਮ ਸਰੂਪ
ਛਾਜਲੀ
9417134982