ਸਿੱਖਿਆ ਮਨੁੱਖੀ ਜੀਵਨ ਦਾ ਅਨਿੱਖੜਚਾ ਅੰਗ ਹੈ ਪਿਛਲੇ 10 ਕੁ ਸਾਲਾ ਵਿੱਚ ਸਿੱਖਿਆ ਵਿਭਾਗ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਬਹੁਤ ਜਿਆਦਾ ਬਦਲਾਵ ਕੀਤੇ ਗਏ ਹਨ ਜਿਵੇਂ ਕਿ ਸਿਲੇਬਸ, ਪ੍ਰੀਖਿਆ ਲੈਣ ਦਾ ਪੈਟਰਨ, ਪੜ੍ਹਾਉਣ ਦਾ ਤਰੀਕਾ ਅਤੇ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਤੇ ਪ੍ਰੋਜੈਕਟ। ਪਰ ਇਥੇ ਇਹ ਸੋਚਨਾ ਬਣਦਾ ਹੈ ਕਿ ਇਹਨਾਂ ਸਭ ਕੋਸ਼ਿਸਾਂ ਨੇ ਸਿੱਖਿਆ ਦੇ ਖੇਤਰ ਵਿੱਚ ਸੱਚ-ਮੁੱਚ ਕ੍ਰਾਂਤੀਕਾਰੀ ਕੰਮ ਕੀਤਾ। ਖਾਸਕਰ ਪੰਜਾਬ ਵਿੱਚ, ਪਿਛਲੇ 15 ਸਾਲਾਂ ਵਿੱਚ ਜਦੋਂ ਤੋਂ ’ਸਿੱਖਿਆ ਦਾ ਅਧਿਕਾਰ’ ਕਾਨੂੰਨ ਲਾਗੂ ਹੋਇਆ, ਬਹੁਤ ਸਾਰੇ ਬਦਲਾਵ ਅਤੇ ਪ੍ਰਯੋਗ ਸਿੱਖਿਆ ਦੇ ਖੇਤਰ ਵਿੱਚ ਕੀਤੇ। ਵਿਸ਼ਿਆ ਦਾ ਗਰੇਡਿੰਗ ਸਿਸਟਮ ਕਰਕੇ ਪਹਿਲੀ ਤੋਂ ਅੱਠਵੀਂ ਤੱਕ ਕਿਸੇ ਵੀ ਵਿਦਿਆਰਥੀ ਨੂੰ ਫੇਲ ਨਾ ਕਰਕੇ ਅਗਲੀ ਕਲਾਸ ਵਿੱਚ ਪ੍ਰਮੋਟ ਕਰਨ ਦੀ ਤਜਵੀਜ ਲਿਆਉਂਦੀ ਗਈ। ਬੇਸ਼ਕ ਸਿੱਖਿਆ ਦੇ ਖੇਤਰ ਵਿੱਚ ਖੜੋਤ ਨੂੰ ਕੋਈ ਥਾਂ ਨਹੀ। ਸਮੇਂ ਦੀ ਲੋੜ ਮੁਤਾਬਿਕ ਸਿੱਖਿਆ ਦੇਣ ਦੇ ਤਰੀਕੇ ਅਤੇ ਤਕਨੀਕ ਅਤੇ ਤਕਨੀਕ ਵਿੱਚ ਬਦਲਾਵ ਜਰੂਰੀ ਹੈ। ਪ੍ਰੰਤੂ ਬਹੁਤ ਜਿਆਦਾ ਬਦਲਾਵਾਂ ਨੇ ਬੱਚਿਆਂ ਦੇ ’ਗਿਆਨ ਦਾ ਪੱਧਰ’ ਡੇਗ ਦਿੱਤਾ। ਜਦੋਂ ਵਿਦਿਆਰਥੀਆਂ ਦੇ ਅੰਦਰੋਂ ਫੇਲ ਹੋਣ ਦਾ ਡਰ ਖਤਮ ਹੋ ਗਿਆ ਤਾਂ ਪੜਾਈ ਵੱਲ ਉਹਨਾਂ ਦਾ ਰੁਝਾਨ ਘੱਟ ਗਿਆ। ਤਿੰਨ-ਚਾਰ ਸਾਲ ਮਗਰੋਂ ਅਧਿਆਪਕਾਂ ਤੇ ਸਿੱਖਿਆ ਮਾਹਿਰਾ ਨੇ ਮਹਿਸੂਸ ਕੀਤਾ ਕਿ ਪੰਜਵੀਂ ਅਤੇ ਅੱਠਵੀਂ ਦਾ ਬੋਰਡ ਖਤਮ ਹੋਣ ਤੋਂ ਬਾਅਦ ਵਿਦਿਆਰਥੀ ਤਾਂ ਪਾਸ ਹੋ ਰਹੇ ਹਨ ਪ੍ਰੰਤੂ ਉਪਰਲੀਆਂ ਸ੍ਰੈਣੀਆਂ ਵਿੱਚ ਸਿਲੇਬਸ ਪੜ੍ਹਨ ਲਈ ਉਹਨਾਂ ਦਾ ਸਿੱਖਿਆ ਦਾ ਪੱਧਰ ਬਹੁਤ ਡਿੱਗ ਚੁੱਕਿਆ ਹੈ। ਬਾਅਦ ਵਿਚ ਫਿਰ ਮੁੜ ਤੋਂ ਪੰਜਵੀਂ ਅਤੇ ਅੱਠਵੀਂ ਦੀਆਂ ਬੋਰਡ ਦੀਆਂ ਪ੍ਰੀਖਿਆ ਲੈਣੀਆਂ ਸੁਰੂ ਕਰ ਦਿੱਤੀਆ ਗਈਆ, ਪ੍ਰੰਤੂ ਮੁਲਾਂਕਣ ਦਾ ਪੱਧਰ ਬਹੁਤ ਆਸਾਨ ਹੋਣ ਕਾਰਣ ਫਿਰ ਸਾਰੇ ਵਿਦਿਆਰਥੀ ਬਿਨ੍ਹਾ ਗਿਆਨ ਦਾ ਪੱਧਰ ਉਪਰ ਕੀਤੇ, ਪਾਸ ਹੋਣ ਲੱਗੇ। ਮੁੜ ਪ੍ਰੀਖਿਆ ਨੇ ਸਮੱਸਿਆ ਦਾ ਕੋਈ ਜਿਆਦਾ ਹੱਲ ਨਹੀ ਕੱਢਿਆ। ਮੈਂ ਖੁਦ ਵੀ ਪਿਛਲੇ 15 ਕੁ ਸਾਲਾ ਤੋਂ ਅਧਿਆਪਨ ਦਾ ਕਿੱਤਾ ਕਰ ਰਿਹਾ ਹਾਂ। ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਕਰਦਿਆਂ-ਕਰਦਿਆਂ, ਮੈਂ ਮਹਿਸੂਸ ਕਰਦਾ ਹਾਂ ਕਿ ਕੁੱਝ ਅਜਿਹਾ ਵਾਪਰਿਆ ਜਿਨ੍ਹਾਂ ਅਧਿਆਪਕਾਂ ਨੇ ਇਸ ਕਾਨੂੰਨ ਨੂੰ ਲਾਗੂ ਕਰਨਾ ਸੀ ਉਹਨਾਂ ਤੋਂ ਹੀ ਸੁਤੰਤਰਤਾ ਨਾਲ ਪੜਾਉਣ ਦੀ ਆਜ਼ਾਦੀ ਚਲੀ ਗਈ। ਹਮੇਸ਼ਾਂ ਉਪਰੋਂ ਹੀ ਸਿਲੇਬਸ ਦੀ ਵੰਡ ਭਾਵ ਕਿਸ ਦਿਨ ਕੀ ਪੜਾਉਣਾ ਹੈ ਮਿਥ ਕੇ ਆਉਦੀ ਸੀ ਤੇ ਉਸੇ ਨੂੰ ਹੀ ਅਧਿਆਪਕ ਨੂੰ ਲਾਗੂ ਕਰਨਾ ਪੈਂਦਾ ਸੀ।
ਭਾਵੇਂ ਅਧਿਆਪਕ ਇਹ ਮਹਿਸੂਸ ਕਰਦਾ ਸੀ ਕਿ ਅਜੇ ਇਹ ਟਾਪਿਕ ਨਾ ਕਰਾ ਕੇ ਦੂਜਾ ਟਾਪਿਕ ਕਰਾਉਣਾ ਵਿਦਿਆਰਥੀਆਂ ਲਈ ਜਿਆਦਾ ਲਾਹੇਵੰਦ ਸੀ। ਪਹਿਲੀ ਤੋਂ ਬਾਰਵੀਂ ਤੱਕ ਪ੍ਰੀਖਿਆਂ ਦੇ ਮੁਲਾਂਕਣ ਦਾ ਪੱਧਰ ਇਹਨਾਂ ਅਸਾਨ ਕਰ ਦਿੱਤਾ ਗਿਆ ਹੈ ਕਿ ਬੱਚੇ ਆਰਾਮ ਨਾਲ ਪ੍ਰੀਖਿਆ ਪਾਸ ਕਰ ਵੱਧ ਤੋਂ ਵੱਧ ਅੰਕ ਪ੍ਰਾਪਤ ਕਰ ਲੈਂਦੇ ਹਨ ਜਦੋਂ ਕਿ ਅਸਲ ਵਿੱਚ ਉਹਨਾਂ ਵਿੱਚੋਂ ਕਈਆਂ ਨੂੰ ਲਿਖਣਾ ਤੱਕ ਨਹੀ ਆਉਦਾ। ਹਰ ਵਾਰ ਸ਼ਤਪ੍ਰਤੀਸਤ ਨਤੀਜੇ ਤੇ ਜੋਰ ਦੇ ਕੇ ਬੱਚਿਆਂ ਨੂੰ ਸਿਰਫ ਪਾਸ ਅਤੇ ਵੱਧ ਤੋਂ ਵੱਧ ਨੰਬਰ ਲੈਣ ਤੇ ਜੋਰ ਦਿੱਤਾ ਜਾਂਦਾ ਹੈ।
ਪ੍ਰੰਤੂ ਇਸ ਗਧੀਗੇੜ ਵਿਚ ਆਪਾਂ ਇਹ ਭੁੱਲ ਚੁੱਕੇ ਹਾਂ ਕਿ ਸਿੱਖਿਆ ਦਾ ਕੰਮ ਬੱਚੇ ਨੂੰ ਵੱਧ ਨੰਬਰ ਨਾ ਦੁਆ ਕੇ ਉਸਨੂੰ ਇਸ ਕਾਬਿਲ ਬਣਾਉਣਾ ਸੀ ਤਾਂ ਕਿ ਉਹ ਵਧੇਰੇ ਗਿਆਨ, ਕੌਸਲ ਵਾਲਾ ਅਤੇ ਇਕ ਚੰਗਾ ਨਾਗਰਿਕ ਹੋ ਕੇ ਵਿਚਰੇ। ਪ੍ਰੰਤੂ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਆਪਾਂ ਪੜ੍ਹੇ-ਲਿਖੇ ਅਨਪੜ੍ਹ ਪੈਦਾ ਕਰਨ ਦੇ ਰਾਹੇ ਤੁਰ ਪਏ ਹਾਂ। ਪੰਜਾਬ ਦੇ ਬੱਚੇ ਮੁਕਾਬਲੇ ਦੀਆਂ ਪ੍ਰੀਖਿਆ ਜੋ ਉਚ ਪਦਵੀਆਂ ਲਈ ਲਈਆਂ ਜਾਂਦੀਆਂ ਹਨ, ਨੂੰ ਪਾਸ ਕਰਨ ਵਿੱਚ ਅਸਫਲ ਹੋ ਰਹੇ ਹਨ। ਕਾਗਜਾਂ ਵਿੱਚ ਸਾਖਰਤਾ ਵੱਧ ਰਹੀ ਹੈ ਪ੍ਰੰਤੂ ਉਪਜੀਵਕਾਂ ਕੰਮਵਾਉਣ ਲਈ ਸਰਕਾਰੀ ਨੌਕਰੀਆਂ, ਜਿਨ੍ਹਾਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨੀਆਂ ਪੈਂਦੀਆਂ ਹਨ। ਸਾਡੇ ਬੱਚੇ ਪਿਛੜ ਰਹੇ ਹਨ। ਪ੍ਰਾਈਵੇਟ ਸੈਕਟਰ ਵਿੱਚ ਵੀਂ ਆਪਣੇ ਵਿਦਿਆਰਥੀ ਪਛੜ ਰਹੇ ਹਨ ਕਿਉਕਿ ਉਹਨਾਂ ਅਦਾਰਿਆਂ ਨੂੰ ਬਾਹਰੀ ਸੂਬਿਆਂ ਤੋਂ ਵੱਧ ਕੌਸਲ ਦੇ ਮੁੰਡੇ-ਕੁੜੀਆ ਕੰਮ ਲਈ ਮਿਲ ਰਹੇ ਹਨ। ਸਿੱਖਿਆ ਮਾਹਿਰਾਂ, ਸਰਕਾਰਾਂ ਅਤੇ ਅਧਿਆਪਕਾਂ ਨੂੰ ਇਕ ਮੰਚ ਤੇ ਆ ਕਿ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਪਾਉਣ ਦੀਆਂ ਨੀਤੀਆਂ ਬਾਰੇ ਵਿਚਾਰ ਕਰਨ ਲਈ ਇਕੱਠਾ ਹੋਣਾ ਪਉ, ਨਹੀਂ ਤਾਂ ਜਦੋਂ ਤੱਕ ਸਾਨੂੰ ਇਸ ਸਮੱਸਿਆ ਦੀ ਸਮਝ ਪਉ ਤਾਂ ਸਾਡਾ ਬਹੁਤ ਨੁਕਸਾਨ ਹੋ ਚੁੱਕਿਆ ਹੋਵੇਗਾ, ਜਿਸਦੀ ਭਰਪਾਈ ਅਸੰਭਵ ਹੋਵੇਗੀ।
ਲਖਬੀਰ ਸਿੰਘ ਮਾਵੀ
-ਮੋਬਾ: 6284151009