ਮਨੁੱਖੀ ਜੀਵਨ ਵਿੱਚ ਅਨੇਕਾਂ ਪਹਿਲੂ ਆਉਂਦੇ - ਜਾਂਦੇ ਰਹਿੰਦੇ ਹਨ। ਕਦੇ ਉਤਰਾਅ ਕਦੇ ਚੜ੍ਹਾਅ, ਬੱਸ ਇਹੋ ਹੈ ਜ਼ਿੰਦਗੀ। ਪਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਕਦੇ ਵੀ ਨਿਰਾਸ਼ਾ ਅਤੇ ਚਿੰਤਾ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਨਿਰਾਸ਼ਾ ਅਤੇ ਚਿੰਤਾ ਦੋ ਅਜਿਹੀਆਂ ਨਕਾਰਾਤਮਕ ਸ਼ਕਤੀਆਂ ਹਨ , ਜੋ ਸਾਡੇ ਜੀਵਨ ਨੂੰ ਸੋਚ - ਵਿਹੂਣਾ ਕਰਕੇ ਉਸ ਨੂੰ ਦਿਸ਼ਾਹੀਣ ਕਰ ਦਿੰਦੀਆਂ ਹਨ ਅਤੇ ਸਾਡੀ ਸਕਾਰਾਤਮਕਤਾ ਅਤੇ ਰਚਨਾਤਮਕਤਾ ਨੂੰ ਜੜੋਂ ਖ਼ਤਮ ਕਰਨ ਦਾ ਕੰਮ ਕਰਦੀਆਂ ਹਨ। ਨਿਰਾਸ਼ਾ ਵਿਅਕਤੀ ਨੂੰ ਘੋਰ ਦੁੱਖਾਂ , ਪਛਤਾਵੇ ਅਤੇ ਹਾਨੀ ਵੱਲ ਲੈ ਕੇ ਜਾਂਦੀ ਹੈ। ਇੱਕ ਨਿਰਾਸ਼ ਹੋਇਆ ਵਿਅਕਤੀ ਬਿਨਾਂ ਉਤਸ਼ਾਹ ਤੋਂ ਕੇਵਲ ਇੱਕ ਬੁੱਤ ਬਣ ਕੇ ਆਪਣਾ ਜੀਵਨ ਬਸਰ ਕਰਨ ਜੋਗਾ ਰਹਿ ਜਾਂਦਾ ਹੈ। ਉਹ ਇੱਕ ਜਿਉਂਦੀ ਲਾਸ਼ ਵਾਂਗ ਹੀ ਹੁੰਦਾ ਹੈ। ਨਿਰਾਸ਼ਾ ਇੰਨੀ ਖਤਰਨਾਕ ਅਤੇ ਦਿਮਾਗੀ ਤੇ ਮਾਨਸਿਕ ਤੌਰ 'ਤੇ ਬੁਰਾ ਪ੍ਰਭਾਵ ਪਾਉਣ ਵਾਲੀ ਨਕਾਰਾਤਮਕਤਾ ਹੈ ਕਿ ਮਨੁੱਖ ਜ਼ਿੰਦਗੀ ਵਿੱਚ ਅੱਗੇ ਵਧਣ, ਤਰੱਕੀ ਕਰਨ, ਆਪਣੇ ਪਰਿਵਾਰ ਲਈ ਸੋਚਣ ਜਾਂ ਕੁਝ ਕਰਨ ਗੁਜ਼ਰਨ ਦਾ ਹੌਸਲਾ ਗੁਆ ਬੈਠਦਾ ਹੈ। ਦੂਸਰੇ ਪਾਸੇ ਚਿੰਤਾ ਵੀ ਜ਼ਿੰਦਗੀ 'ਤੇ ਆਪਣਾ ਬਹੁਤ ਮਾੜਾ ਅਸਰ ਪਾਉਂਦੀ ਹੈ । ਸਿਆਣਿਆਂ ਨੇ ਤਾਂ ਚਿੰਤਾ ਨੂੰ ਚਿਤਾ ਦੇ ਬਰਾਬਰ ਆਖਿਆ ਹੈ। ਕਈ ਵਿਦਵਾਨ ਆਖਦੇ ਹਨ ਚਿਤਾ ਇੱਕ ਵਾਰ ਜਲਾਉਂਦੀ ਹੈ, ਪਰ ਚਿੰਤਾ ਬੰਦੇ ਨੂੰ ਹਰ ਪਲ , ਪਲ ਦੁੱਖ ਤਕਲੀਫ਼ ਦਿੰਦੀ ਹੈ, ਉਸਨੂੰ ਪ੍ਰੇਸ਼ਾਨ ਕਰਦੀ ਹੈ , ਉਹ ਆਪਣਾ ਆਪਾ ਖੋਹ ਬੈਠਦਾ ਹੈ , ਉਸ ਵਿੱਚੋਂ ਸਕਾਰਾਤਮਕਤਾ ਖੰਭ ਲਾ ਕੇ ਉੱਡ ਜਾਂਦੀ ਹੈ ਤੇ ਉਹ ਆਪਣੇ ਆਪ ਨੂੰ ਅਸਹਾਈ ਮਹਿਸੂਸ ਕਰਨ ਲੱਗ ਪੈਂਦਾ ਹੈ । ਇਸ ਲਈ ਸਾਨੂੰ ਜੀਵਨ ਵਿੱਚ ਨਿਰਾਸ਼ਾ ਅਤੇ ਚਿੰਤਾ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਤਾਂ ਜੋ ਉਸਾਰੂ ਤੇ ਸੁਚਾਰੂ ਜੀਵਨ, ਸੁੱਖ ਸਕੂਨ ਭਰਿਆ ਜੀਵਨ ਤੇ ਸਾਦਗੀ ਖ਼ੁਸ਼ੀਆਂ - ਖੇੜਿਆਂ ਭਰਿਆ ਜੀਵਨ ਜੀਵਿਆ ਜਾ ਸਕੇ । ਜੀਵਨ ਦੀਆਂ ਇਨ੍ਹਾਂ ਦੋਵੇਂ ਘੋਰ ਪ੍ਰੇਸ਼ਾਨੀਆਂ ( ਚਿੰਤਾ ਅਤੇ ਨਿਰਾਸ਼ਾ ) ਤੋਂ ਬਚਣ ਦੇ ਲਈ ਸਾਨੂੰ ਜ਼ਿੰਦਗੀ ਦਾ ਹਰ ਫ਼ੈਸਲਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ । ਸਾਨੂੰ ਪਰਾਏ ਤਨ ਅਤੇ ਪਰਾਏ ਧਨ ਦੀ ਪ੍ਰਾਪਤੀ ਦੀ ਲਾਲਸਾ ਦਾ ਤਿਆਗ ਕਰਨਾ ਚਾਹੀਦਾ ਹੈ । ਜ਼ਿੰਦਗੀ ਵਿੱਚ ਕਦੇ ਵੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਹਿੰਮਤ ਹਾਰ ਕੇ ਨਹੀਂ ਬੈਠ ਜਾਣਾ ਚਾਹੀਦਾ । ਆਪਣੀਆਂ ਇੱਛਾਵਾਂ ਨੂੰ ਘਰ , ਪਰਿਵਾਰ ਤੇ ਜ਼ਿੰਦਗੀ ਵਿੱਚ ਹਾਵੀ ਹੋਣ ਤੋਂ ਰੋਕਣਾ ਚਾਹੀਦਾ ਹੈ । ਕੁਦਰਤ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕੁਦਰਤ ਨੂੰ ਸਮਝਣਾ ਅਤੇ ਉਸ ਦਾ ਆਨੰਦ ਮਾਣਨਾ ਚਾਹੀਦਾ ਹੈ । ਆਪਣੀ ਮਨ ਪਸੰਦ ਦਾ ਸੰਗੀਤ ਜ਼ਰੂਰ ਸੁਣਨਾ ਚਾਹੀਦਾ ਹੈ । ਪਰਮਾਤਮਾ ਵਿੱਚ ਆਸਤਿਕਤਾ ਰੱਖਣੀ ਚਾਹੀਦੀ ਹੈ ਅਤੇ ਪਰਮਾਤਮਾ ਦਾ ਚਿੰਤਨ ਕਰਨਾ ਚਾਹੀਦਾ ਹੈ । ਹਰੇਕ ਜੀਵ - ਜੰਤੂ ਨੂੰ ਪਿਆਰ ਕਰਨਾ ਚਾਹੀਦਾ ਹੈ । ਹਰ ਗੱਲ ਠੰਢੇ ਦਿਮਾਗ ਨਾਲ ਸੋਚਣੀ ਚਾਹੀਦੀ ਹੈ । ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਮੇਂ ਦਾ ਪਹੀਆ ਕਦੇ ਰੁਕਦਾ ਨਹੀਂ ਅਤੇ ਚੰਗੇ - ਮਾੜੇ ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ । ਹਰ ਘੋਰ ਕਾਲੀ ਰਾਤ ਤੋਂ ਬਾਅਦ ਇੱਕ ਪ੍ਰਕਾਸ਼ਮਾਨ ਦਿਨ ਦਾ ਉਦੇੇੈ ਜ਼ਰੂਰ ਹੁੰਦਾ ਹੈ । ਸਾਨੂੰ ਜੀਵਨ ਵਿੱਚ ਸਾਦਗੀ , ਹਲੀਮੀ , ਨਿਮਰਤਾ ਤੇ ਪਿਆਰ ਭਰੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ । ਮਨੁੱਖ ਨੂੰ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ । ਲੋਕ ਦਿਖਾਵਾ ਵੀ ਨਿਰਾਸ਼ਾ ਅਤੇ ਚਿੰਤਾ ਨੂੰ ਜਨਮ ਦਿੰਦਾ ਹੈ ਅਤੇ ਮਨੁੱਖ ਨੂੰ ਹਜ਼ਾਰਾਂ ਲੱਖਾਂ ਰੁਪਏ ਦੇ ਕਰਜ਼ ਵਿੱਚ ਵੀ ਕਈ ਵਾਰ ਝੋਕ ਦਿੰਦਾ ਹੈ । ਇਹ ਦੋਵੇਂ ਪ੍ਰੇਸ਼ਾਨੀਆਂ ਮਨੁੱਖ ਨੂੰ ਕਈ ਵਾਰ ਆਤਮ ਹੱਤਿਆ /ਖ਼ੁਦਕੁਸ਼ੀ ਕਰਨ ਵੱਲ ਵੀ ਮਜਬੂਰ ਅਤੇ ਪ੍ਰੇਰਿਤ ਕਰਨ ਕਰਦੀਆਂ ਹਨ , ਜੋ ਕਿ ਮਨੁੱਖਾ ਜੀਵਨ ਅਤੇ ਉਸ ਦੇ ਪਰਿਵਾਰ ਦੇ ਲਈ ਤੇ ਸਮਾਜ ਦੇ ਲਈ ਸਹੀ ਨਹੀਂ ਹੈ ; ਕਿਉਂਕਿ ਖੁਦਕੁਸ਼ੀ ਵੀ ਇੱਕ ਬੁਜਦਿਲੀ , ਮਨੁੱਖਾ ਸਰੀਰ ਦਾ ਅਪਮਾਨ ਅਤੇ ਘੋਰ ਪਾਪ ਹੈ । ਇਸ ਲਈ ਜ਼ਿੰਦਗੀ ਨੂੰ ਪਿਆਰ , ਨਿਮਰਤਾ , ਮਿਠਾਸ ਤੇ ਸਾਦਗੀ ਨਾਲ ਜਿਉਣਾ ਚਾਹੀਦਾ ਹੈ, ਨਾ ਕਿ ਲੋਕ ਦਿਖਾਵੇ ਨਾਲ। ਸੋਚਣ ਵਾਲੀ ਗੱਲ ਇਹ ਨਹੀਂ ਕਿ ਅਸੀਂ ਕਿੰਨੇ ਸਾਲ ਜੀਅ ਲੈਂਦੇ ਹਾਂ , ਸਗੋਂ ਦੇਖਣ ਅਤੇ ਸਮਝਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਅਸੀਂ ਜੀਵਨ ਨੂੰ ਕਿਸ ਸਥਿਤੀ ਵਿੱਚ ਜੀਵਿਆ ਹੈ ਤੇ ਕਿਸ ਸਥਿਤੀ ਵਿਚ ਜੀਅ ਰਹੇ ਹਾਂ ? ਅਸੀਂ ਮਨੁੱਖਾ ਜੀਵਨ ਜੀਅ ਰਹੇ ਹਾਂ , ਨਾ ਕਿ ਰੁੱਖਾਂ ਦਰੱਖਤਾਂ ਜਾਂ ਜਾਨਵਰਾਂ ਵਾਲਾ ਜੀਵਨ । ਜੇਕਰ ਅਸੀਂ ਆਪਣੀ ਸੋਚ ਨੂੰ ਸਕਾਰਾਤਮਕ ਬਣਾ ਲਈਏ , ਤਾਹੀਓਂ ਅਸੀਂ ਨਿਰਾਸ਼ਾ ਅਤੇ ਚਿੰਤਾ ਤੋਂ ਮੁਕਤ ਜੀਵਨ , ਉਸਾਰੂ ਤੇ ਸੁਚਾਰੂ ਜੀਵਨ ਤੇ ਸੁੱਖ - ਸਕੂਨ ਭਰਿਆ ਜੀਵਨ ਜੀਅ ਸਕਦੇ ਹਾਂ । ਆਓ ! ਨਿਰਾਸ਼ਾ ਅਤੇ ਚਿੰਤਾ ਨੂੰ ਆਪਣੀ ਜ਼ਿੰਦਗੀ ਵਿੱਚੋਂ ਦੂਰ ਕੱਢੀਏ ਅਤੇ ਸੌਖਾ, ਸੁਖਾਲਾ ਅਤੇ ਸਾਦਗੀ ਭਰਿਆ ਜੀਵਨ ਸਕੂਨ ਭਰਿਆ ਜੀਵਨ ਜੀਵੀਏ। ਇਹੋ ਅਸਲ ਮਨੁੱਖਾ ਜੀਵਨ ਹੈ।
ਸਟੇਟ ਐਵਾਰਡੀ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
( ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ " ਇੰਡੀਆ ਬੁੱਕ ਆੱਫ਼ ਰਿਕਾਰਡਜ਼ " ਵਿੱਚ ਦਰਜ਼ ਹੈ)