ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਸ਼ਬਦਾਂ ਦੇ ਤਿੱਖੇ ਬਿਆਨ ਜਾਰੀ ਹਨ। ਜਾਣਕਾਰੀ ਮੁਤਾਬਕ 77ਵੇਂ ਸੁਤੰਤਰਤਾ ਦਿਵਸ ਮੌਕੇ ਚੰਡੀਗੜ੍ਹ ਪੰਜਾਬ ਰਾਜ ਭਵਨ ਵਿਖੇ ਬਨਵਾਰੀ ਲਾਲ ਪੁਰੋਹਿਤ ਵਲੋਂ ਰਸਮੀ ‘ਐਟ-ਹੋਮ’ ਸਮਾਗਮ ਵਿਚ ਕਰਵਾਇਆ ਗਿਆ ਜਿਸ ਵਿੱਚ ਹਾਜ਼ਰ ਸਾਰੇ ਮਹਿਮਾਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰ-ਹਾਜ਼ਰੀ ਬਹੁਤ ਹੀ ਮਹੱਤਵਪੂਰਨ ਸੀ। ਇਸ ਮੌਕੇ ‘ਐਟ ਹੋਮ’ ਸਮਾਗਮ ਵਿਚ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਬਾਰੇ ਪੁਛੇ ਜਾਣ ’ਤੇ ਰਾਜਪਾਲ ਨੇ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਵੀ ’ਐਟ ਹੋਮ’ ਸਮਾਗਮ ਲਈ ਵੱਖ-ਵੱਖ ਪਤਵੰਤਿਆਂ ਦੇ ਨਾਲ ਸੱਦਾ ਦਿਤਾ ਗਿਆ ਸੀ ਅਤੇ ਉਨ੍ਹਾਂ ਇਸ ਸਮਾਗਮ ਦਾ ਸਵਾਗਤ ਵੀ ਕੀਤਾ। ਸੱਦਾ ਪੱਤਰ ਜਿਸ ਦੀ ਪੁਸ਼ਟੀ ਮੁੱਖ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਸੀ। ਰਾਜਪਾਲ ਨੇ ਹਲਕੀ ਜਿਹੀ ਰੰਜਿਸ਼ ਵਿਚ ਕਿਹਾ ਕਿ ਇਹ ਸੰਭਵ ਹੈ ਕਿ ਮੁੱਖ ਮੰਤਰੀ ਨੇ ਰਾਜ ਭਵਨ ਦੇ ਬਾਹਰ ਰਖੀਆਂ ਤੋਪਾਂ ਦੇ ਡਰ ਕਾਰਨ ਸਮਾਗਮ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਟਿੱਪਣੀ ਸ਼ਾਇਦ ਮੁੱਖ ਮੰਤਰੀ ਦੇ ਜੂਨ ਵਿਚ ਵਿਧਾਨ ਸਭਾ ਵਿਚ ਦਿਤੇ ਭਾਸ਼ਣ ਦਾ ਹਵਾਲਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਲੋਕਾਂ ਨੂੰ ਡਰਾਉਣ ਲਈ ਰਾਜ ਭਵਨ ਦੇ ਬਾਹਰ ਤੋਪਾਂ ਰਖੀਆਂ ਗਈਆਂ ਸਨ।