ਫੋਟੋਗ੍ਰਾਫ਼ੀ ਇੱਕ ਮਹਾਨ ਕਲਾ ਹੈ ਜੋ ਕੈਮਰੇ ਦੀ ਅੱਖ ਨਾਲ ਸੱਚ ਤੇ ਸੁੰਦਰਤਾ ਨੂੰ ਬਿਆਨ ਕਰਕੇ ਦੁਨੀਆਂ ਦੀਆਂ ਕਈ ਘਟਨਾਵਾਂ ਤੇ ਭਾਵਨਾਵਾਂ ਨੂੰ ਅਮਰ ਕਰ ਚੁੱਕੀ ਹੈ। ਅੱਜ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਹੈ ਤੇ ਇਹ ਦਿਵਸ ਅੱਜ ਉਨ੍ਹਾਂ ਸਾਰੇ ਮਹਾਨ ਫ਼ੋਟੋਗ੍ਰਾਫ਼ਰਾਂ ਨੂੰ ਯਾਦ ਕਰਨ ਤੇ ਸਲਾਮ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਪੂਰੀ ਸ਼ਿੱਦਤ, ਜਨੂੰਨ ਅਤੇ ਨਿਰਪੱਖਤਾ ਨਾਲ ਕਈ ਕੌਮੀ ਤੇ ਕੌਮਾਂਤਰੀ ਘਟਨਾਵਾਂ ਨੂੰ ਕੈਮਰੇ ’ਚ ਕੈਦ ਕੀਤਾ ਹੈ ਤੇ ਕੁਦਰਤ ਨੂੰ ਇੰਨ੍ਹਾਂ ਨੇੜੇ ਹੋ ਕੇ ਤੇ ਖ਼ੂਬਸੂਰਤੀ ਨਾਲ ਫ਼ੋਟੋਬੱਧ ਕੀਤਾ ਹੈ । ਕਾਦਰ ਦੇ ਝਲਕਾਰੇ ਉਸਦੀ ਕੁਦਰਤ ਵਿੱਚੋਂ ਸਾਖਿਆਤ ਦਿਸਦੇ ਨਜ਼ਰ ਆਉਂਦੇ ਹਨ। ਸੰਨ 2010 ਵਿੱਚ ਪਹਿਲਾ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਮਨਾਇਆ ਗਿਆ ਸੀ ਤੇ ਉਸ ਦਿਨ 270 ਤੋਂ ਵੱਧ ਨਾਮਵਰ ਫ਼ੋਟੋਗ੍ਰਾਫ਼ਰਾਂ ਨੇ ਗਲੋਬਲ ਆਨਲਾਈਨ ਗੈਲਰੀ ਵਿੱਚ ਆਪਣੀਆਂ ਅਤਿਅੰਤ ਕਲਾਤਮਕ ਤੇ ਸ਼ਾਨਦਾਰ ਤਸਵੀਰਾਂ ਨੂੰ ਪੇਸ਼ ਕੀਤਾ ਸੀ। ਸੌ ਤੋਂ ਵੱਧ ਦੇਸ਼ਾਂ ਦੇ ਲੋਕਾਂ ਨੇ ਇਸ ਫ਼ੋਟੋ ਗੈਲਰੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਕੀਤਾ ਸੀ।
ਅੱਜ ਦੇ ਦਿਵਸ ਮੌਕੇ ਇਹ ਜਾਣਨਾ ਬੇਹੱਦ ਦਿਲਚਸਪ ਹੈ ਕਿ ਫ਼ੋਟੋਗ੍ਰਾਫ਼ੀ ਦੀ ਕਲਾ ਨੂੰ ਦੁਨੀਆਂ ਦੇ ਸਾਹਮਣੇ ਲਿਆ ਕੇ ਪ੍ਰਚਲਿਤ ਕਰਨ ਵਿੱਚ ਸਭ ਤੋਂ ਮਹਾਨ ਯੋਗਦਾਨ ਫ਼ਰਾਂਸ ਦਾ ਹੈ। ਫ਼ਰਾਂਸੀਸੀ ਸ਼ਖ਼ਸ ਲੁਇਸ ਡਾਗਰੇ ਨੇ ਇੱਕ ਚਮਤਕਾਰ ਨੂੰ ਜਨਮ ਦਿੰਦਿਆਂ ਹੋਇਆਂ ਫ਼ੋਟੋ ਖਿੱਚਣ ਤੇ ਬਣਾਉਣ ਦੀ ਪ੍ਰਕਿਰਿਆ ਈਜਾਦ ਕੀਤੀ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਵਿਸ਼ਵ ਦੀ ਇਸ ਨਵੀਂ ਤੇ ਦਿਲਚਸਪ ਖੋਜ ਲਈ ਕੋਈ ਵੀ ਪੈਸਾ ਮੰਗੇ ਬਗ਼ੈਰ ਇਹ ਪ੍ਰਕਿਰਿਆ ਫ਼ਰਾਂਸ ਦੀ ਵਿਗਿਆਨ ਅਕਾਦਮੀ ਵੱਲੋਂ ਮੁਫ਼ਤ ਵਿੱਚ ਹੀ ਦੁਨੀਆਂ ਦੇ ਹਵਾਲੇ ਕਰ ਦਿੱਤੀ ਗਈ ਸੀ। ਇਹ ਐਲਾਨ ਤੇ ਹਵਾਲਗੀ 19 ਅਗਸਤ, ਸੰਨ 1939 ਦੇ ਦਿਨ ਕੀਤੀ ਗਈ ਸੀ। ਸੰਨ 1861 ਵਿੱਚ ਦੁਨੀਆਂ ਦੀ ਸਭ ਤੋਂ ਪਹਿਲੀ ਰੰਗਦਾਰ ਫ਼ੋਟੋ ਮਹਾਨ ਖੋਜੀ ਥਾਂੱਮਸ ਸੱਟਨ ਦੇ ਯਤਨਾਂ ਸਦਕਾ ਸਾਹਮਣੇ ਆਈ ਸੀ। ਸੰਨ 1884 ਵਿੱਚ ਨਿਊਯਾਰਕ ਵਾਸੀ ਈਸਟਮੈਨ ਨੇ ਲੁਇਸ ਡਾਗਰੇ ਦੀ ਫ਼ੋਟੋ ਤਿਆਰ ਕਰਨ ਵਾਲੀ ਪੇਚੀਦਾ ਪ੍ਰਕਿਰਿਆ ਨੂੰ ਸਰਲ ਬਣਾ ਕੇ ਫ਼ੋਟੋਗ੍ਰਾਫ਼ਰਾਂ ਨੂੰ ਕਾਫੀ ਰਾਹਤ ਪ੍ਰਦਾਨ ਕਰਵਾਈ ਸੀ ਤੇ ਫਿਰ ਸੰਨ 1888 ਵਿੱਚ ਜਦੋਂ ਈਸਟਮੈਨ ਨੇ ਕੋਡੈਕ ਡਿਜੀਟਲ ਕੈਮਰਾ ਈਜਾਦ ਕੀਤਾ ਤਾਂ ਫ਼ੋਟੋਗ੍ਰਾਫ਼ੀ ਦੀ ਦੁਨੀਆਂ ਵਿੱਚ ਤਹਿਲਕਾ ਮਚ ਗਿਆ ਸੀ ਤੇ ਨਵੇਂ ਅਤੇ ਆਸਾਨੀ ਨਾਲ ਉਪਲਬਧ ਕੈਮਰਿਆਂ ਦੀ ਮਦਦ ਨਾਲ ਹਰ ਸ਼ਖ਼ਸ ਫ਼ੋਟੋਗ੍ਰਾਫ਼ੀ ਕਰਨ ਲਗ ਪਿਆ ਸੀ। ਅੱਜ ਮੋਬਾਇਲ ਫ਼ੋਨ ਕੰਪਨੀਆਂ ਵੱਲੋਂ ਫ਼ੋਨਾਂ ਵਿੱਚ ਵਧੀਆ ਤੋਂ ਵਧੀਆ ਕੈਮਰੇ ਪ੍ਰਦਾਨ ਕਰਨ ਦੀ ਦੌੜ ਚੱਲ ਰਹੀ ਹੈ ਜਿਸਦਾ ਲਾਭ ਮੋਬਾਇਲ ਉਪਭੋਗਤਾਵਾਂ ਨੂੰ ਹੋ ਰਿਹਾ ਹੈ ਪਰ ਅਸਲ ਫ਼ੋਟੋਗ੍ਰਾਫ਼ੀ ਸਨਅਤ ਨੂੰ ਇਸ ਨਵੀਂ ਮੋਬਾਇਲ ਕੈਮਰਾ ਕ੍ਰਾਂਤੀ ਕਰਕੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਆਮ ਕਰਕੇ ਲੋਕ ਹੁਣ ਫ਼ੋਟੋ ਸਟੂਡੀਓ ਵਿੱਚ ਫ਼ੋਟੋ ਖਿਚਵਾਉਣ ਜਾਂਦੇ ਹੀ ਨਹੀਂ ਹਨ।
ਦੁਨੀਆਂ ਭਰ ਵਿੱਚ ਕੁਦਰਤੀ ਸੁੰਦਰਤਾ ਪੱਖੋਂ ਬੇਸ਼ੱਕ ਸਵਿਟਜ਼ਰਲੈਂਡ ਦੀ ਗੱਲ ਅਕਸਰ ਕੀਤੀ ਜਾਂਦੀ ਹੈ ਪਰ ਅਸਲੀਅਤ ਇਹ ਹੈ ਕਿ ਸਰਬੋਤਮ ਫ਼ੋਟੋਗ੍ਰਾਫ਼ੀ ਲਈ ਸਭ ਤੋਂ ਵਧੀਆ ਦੇਸ਼ ‘ ਪੇਰੂ’ ਨੂੰ ਮੰਨਿਆ ਜਾਂਦਾ ਹੈ ਤੇ ਇਥੇ ਸਥਿਤ ਕੁਝ ਖ਼ਾਸ ਲੋਕੇਸ਼ਨਾਂ ਤਾਂ ਦਰਸ਼ਕਾਂ ਦੇ ਸਾਹ ਰੋਕ ਦਿੰਦੀਆਂ ਹਨ। ਵਿਸ਼ਵ ਦੇ ਮਹਾਨ ਫ਼ੋਟੋਗ੍ਰਾਫ਼ਰਾਂ ਦੇ ਨਾਵਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਇਨ੍ਹਾ ਵਿੱਚ ਸਟੀਵ ਮੈਕਾਰੇ, ਐਨੀ ਲੈਬੋਵਿਟਜ਼,ਆਂਸਲ ਐਡਮ, ਹੈਨਰੀ ਕਾਰਟਰ,ਰਾਬਰਟ ਕੇਪ,ਜਿੰਮੀ ਨੈਲਸਨ, ਰੇਹਾਨ, ਏਰਿਕ ਐਲਮਸ ਤੇ ਟਿਮੋਥੀ ਹੋਗਾਨ ਦੇ ਨਾਂ ਸਤਿਕਾਰ ਸਹਿਤ ਲਏ ਜਾਂਦੇ ਹਨ ਜਦੋਂ ਕਿ ਫ਼ੋਟੋਗ੍ਰਾਫ਼ੀ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਭਾਰਤੀ ਫ਼ੋਟੋਗ੍ਰਾਫ਼ਰਾਂ ਵਿੱਚ ਰਘੂ ਰਾਏ, ਡੱਬੂ ਰਤਨਾਨੀ, ਦਿਆਨਿਤਾ ਸਿੰਘ, ਸੋਨੀ ਤਾਰਾਪੁਰਵਾਲਾ, ਰਾਧਿਕਾ ਰਾਮਾਸਵਾਮੀ, ਗੌਤਮ ਰਾਜਾਧਿਅਕਸ਼, ਸੁਧੀਰ ਸ਼ਿਵਰਾਮ, ਯੋਗ ਜੁਆਏ ਅਤੇ ਹਰਭਜਨ ਬਾਜਵਾ ਦੇ ਨਾਂ ਸ਼ਾਮਿਲ ਹਨ। ਦੁਨੀਆਂ ’ਤੇ ਵਾਪਰੀਆਂ ਵੱਡੀਆਂ ਘਟਨਾਵਾਂ ਤੇ ਦੁਨੀਆਂ ’ਤੇ ਪੈਦਾ ਹੋਈਆਂ ਨਾਮਵਰ ਸ਼ਖ਼ਸੀਅਤਾਂ ਦੀਆਂ ਕੈਮਰੇ ਰਾਹੀਂ ਲਈਆਂ ਗਈਆਂ ਤਸਵੀਰਾਂ ਸਾਡੀ ਦੁਨੀਆਂ ਦਾ ਅਣਮੁੱਲਾ ਸਰਮਾਇਆ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਚੰਗੇ-ਮੰਦੇ ਕਾਰਨਾਮਿਆਂ ਤੇ ਸ਼ਖ਼ਸੀਅਤਾਂ ਦੇ ਸਦਾ ਹੀ ਰੂਬਰੂ ਕਰਵਾਉਂਦੀਆਂ ਰਹਿਣਗੀਆਂ।