ਅੰਮ੍ਰਿਤਸਰ-ਕੁਆਲਾਲੰਪੁਰ-ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਵਾਲੀਆਂ ਹਨ ਜਿਸ ਤਹਿਤ ਮਲੇਸ਼ੀਆ ਏਅਰਲਾਈਨ 8 ਨਵੰਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਾਲੀ ਮਲੇਸ਼ੀਆ ਦੀ ਤੀਜੀ ਏਅਰਲਾਈਨ ਬਣਨ ਜਾ ਰਹੀ ਹੈ। ਵਰਤਮਾਨ ਸਮੇਂ ਬੈਟਿਕ ਏਅਰ ਹਫ਼ਤੇ ’ਚ ਤਿੰਨ ਦਿਨ, ਜਦਕਿ ਏਅਰ ਏਸ਼ੀਆ ਐਕਸ-3 ਸਤੰਬਰ ਤੋਂ ਇਸ ਰੂਟ ’ਤੇ ਹਫ਼ਤੇ ’ਚ ਚਾਰ ਦਿਨ ਇਨ੍ਹਾਂ ਉਡਾਣਾਂ ਦਾ ਸੰਚਾਲਨ ਕਰੇਗੀ। ਮਲੇਸ਼ੀਆ ਏਅਰਲਾਈਨ ਹਫ਼ਤੇ ’ਚ ਹਰ ਬੁੱਧਵਾਰ ਅਤੇ ਸ਼ਨਿਚਰਵਾਰ ਆਪਣੇ 160 ਸੀਟਾਂ ਵਾਲੇ ਬੋਇੰਗ 737 ਜਹਾਜ਼ ਨਾਲ ਕੁਆਲਾਲੰਪੁਰ ਤੋਂ ਸ਼ਾਮ 6:50 ਵਜੇ ਰਵਾਨਾ ਹੋ ਕੇ, ਅੰਮ੍ਰਿਤਸਰ ਵਿੱਚ ਰਾਤ 10:10 ਵਜੇ ਪਹੁੰਚੇਗੀ। ਅੰਮ੍ਰਿਤਸਰ ਤੋਂ ਫਿਰ ਰਾਤ 11:25 ਵਜੇ ਰਵਾਨਾ ਹੋ ਕੇ ਮਲੇਸ਼ੀਆ ਦੀ ਅਗਲੀ ਸਵੇਰ ਨੂੰ 7: 30 ਵਜੇ ਕੁਆਲਾਲੰਪੁਰ ਪਹੁੰਚੇਗੀ।