ਜਗਰਾਉਂ-ਪਿੰਡ ਗੁਰੂਸਰ ਕਾਉਂਕੇ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਨਵੇਂ ਦਰਬਾਰ ਹਾਲ ਦਾ ਉਦਘਾਟਨ ਕਰਨ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਆਗੂ ਆਏ ਦਿਨ ਆਪਣੇ ਮਨ ਨੂੰ ਧਰਵਾਸ ਦੇਣ ਲਈ ਭਾਰਤ ’ਚ ਰਹਿਣ ਵਾਲੇ ਹਰ ਵਿਅਕਤੀ ਨੂੰ ਹਿੰਦੂ ਹੋਣ ਦਾ ਫਤਵਾ ਦੇ ਦਿੰਦੇ ਹਨ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਦੱਸਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਹਿਣ ਵਾਲੇ ਲੋਕਾਂ ਨੂੰ ਇੱਕ ਵਾਰ ਭਾਰਤ ਅਤੇ ਖਾਸਕਰ ਸਿੱਖਾਂ ਦਾ ਇਤਿਹਾਸ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਨਹੀਂ ਹਨ। ਸਿੱਖਾਂ ਦਾ ਆਪਣਾ ਵਿਲੱਖਣ ਖਾਸਾ ਹੈ, ਜਿਸ ਨੂੰ ਕੋਈ ਵੀ ਰਲਗੱਡ ਨਹੀਂ ਕਰ ਸਕਦਾ। ਭਾਰਤ ਕਿਸੇ ਇੱਕ ਧਰਮ ਦਾ ਦੇਸ਼ ਨਹੀਂ ਹੈ। ਉਨ੍ਹਾਂ ਆਰਐੱਸਐੱਸ ਮੁਖੀ ਨੂੰ ਵਿਵਾਦਤ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਸ ਦੀ ਪਛਾਣ ਨਿਰਾਲੀ ਹੈ, ਜੋ ਇਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਦਰਸਾਉਂਦੀ ਹੈ।