Punjab

ਲੋਕਾਂ ਨੂੰ ‘ਇੱਕ ਦੇਸ਼, ਇੱਕ ਸਿੱਖਿਆ’ ਤੇ ‘ਇੱਕ ਦੇਸ਼, ਇੱਕ ਇਲਾਜ’ ਦੀ ਜ਼ਰੂਰਤ: ਕੇਜਰੀਵਾਲ

  • Punjabi Bulletin
  • Sep 03, 2023
ਲੋਕਾਂ ਨੂੰ ‘ਇੱਕ ਦੇਸ਼, ਇੱਕ ਸਿੱਖਿਆ’ ਤੇ ‘ਇੱਕ ਦੇਸ਼, ਇੱਕ ਇਲਾਜ’ ਦੀ ਜ਼ਰੂਰਤ: ਕੇਜਰੀਵਾਲ
  • 147 views

ਚੰਡੀਗੜ੍ਹ-ਕੇਂਦਰ ਸਰਕਾਰ ਵੱਲੋਂ ‘ਇੱਕ ਦੇਸ਼, ਇੱਕ ਚੋਣ’ ਮੁਹਿੰਮ ਕੀਤੀ ਜਾ ਰਹੀ ਹੈ ਜਿਸ ਦੇ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਕੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ‘ਇੱਕ ਦੇਸ਼, ਇੱਕ ਚੋਣ’ ਦੀ ਨਹੀਂ ਸਗੋਂ ‘ਇੱਕ ਦੇਸ਼, ਇੱਕ ਸਿੱਖਿਆ’ ਤੇ ‘ਇੱਕ ਦੇਸ਼, ਇੱਕ ਇਲਾਜ’ ਦੀ ਜ਼ਰੂਰਤ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ ਕਿ ‘ਇੱਕ ਦੇਸ਼, ਇੱਕ ਸਿੱਖਿਆ’ ਨਾਲ ਅਮੀਰਾਂ ਤੇ ਗਰੀਬਾਂ ਦੇ ਬੱਚਿਆਂ ਨੂੰ ਬਰਾਬਰ ਸਿੱਖਿਆ ਦਿੱਤੀ ਜਾ ਸਕੇਗੀ। ਇਸੇ ਤਰ੍ਹਾਂ ‘ਇੱਕ ਦੇਸ਼, ਇੱਕ ਇਲਾਜ’ ਨਾਲ ਹਰ ਕਿਸੇ ਦਾ ਇਲਾਜ ਯਕੀਨੀ ਬਣਾਇਆ ਜਾ ਸਕੇਗਾ। ‘ਆਪ’ ਦੇ ਕੌਮੀ ਕਨਵੀਨਰ ਨੇ ਐਲਾਨ ਕੀਤਾ ਕਿ ਹਰਿਆਣਾ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਦਿੱਲੀ ਅਤੇ ਪੰਜਾਬ ਦੀ ਤਰਜ਼ ’ਤੇ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬੱਚਿਆਂ ਨੂੰ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਸਿਹਤ ਤੇ ਸਿੱਖਿਆ ਸਹੂਲਤਾਂ ਦੇ ਕੇ ‘ਆਪ’ ਆਪਣਾ ਘਰ ਨਹੀਂ ਭਰ ਰਹੀ ਸਗੋਂ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਬਦਲਾਅ ਲਈ ‘ਆਪ’ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਚੋਣ ਨਿਸ਼ਾਨ ਝਾੜੂ ਹੈ ਅਤੇ ਇਹੀ ਝਾੜੂ ਦਿੱਲੀ ਤੇ ਪੰਜਾਬ ਤੋਂ ਬਾਅਦ ਦੇਸ਼ ’ਚੋਂ ਭਾਜਪਾ ਦਾ ਸਫਾਇਆ ਕਰੇਗਾ। ਮਾਨ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਇੱਕੋ ਭਾਂਡੇ ਵਿੱਚ ਪਾਣੀ ਪੀਂਦੇ ਹਨ। ਕੁਝ ਲੋਕਾਂ ਨੇ ਦੋਵਾਂ ਸੂਬਿਆਂ ਵਿੱਚ ਲਕੀਰ ਖਿੱਚ ਦਿੱਤੀ ਸੀ ਪਰ ਅੱਜ ਉਹ ਲਕੀਰ ਮਿੱਟ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਹਰਿਆਣਾ ਦੇ ਲੋਕਾਂ ਅੱਗੇ ਆਪਣੇ ਸਵਾ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 35 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਆਮ ਆਦਮੀ ਕਲੀਨਿਕਾਂ ਰਾਹੀ ਲੋਕਾਂ ਦੇ ਘਰਾਂ ਦੇ ਨਜ਼ਦੀਕ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼?ਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026