Articles

ਸਿਹਤ ਦਾ ਵੱਡਾ ਵੈਰੀ ਹੈ ਪ੍ਰਦੂਸ਼ਣ

  • Punjabi Bulletin
  • Sep 08, 2023
ਸਿਹਤ ਦਾ ਵੱਡਾ ਵੈਰੀ ਹੈ ਪ੍ਰਦੂਸ਼ਣ
  • 208 views
ਵਾਤਾਵਰਨ ਨਾਲ ਖਿਲਵਾੜ ਕਿੰਨਾ ਮਹਿੰਗਾ ਪੈਂਦਾ ਹੈ, ਇਹ ਇਸ ਵਾਰ ਪੰਜਾਬ ਅਤੇ ਹਿਮਾਚਲ ਵਿਚ ਆਏ ਹੜ੍ਹਾਂ ਨੇ ਸਾਨੂੰ ਦੱਸ ਦਿੱਤਾ ਹੈ। ਪ੍ਰਦੂਸ਼ਣ ਰਹਿਤ ਵਾਤਾਵਰਨ ਅਰੋਗ ਜ਼ਿੰਦਗੀ ਦਾ ਆਧਾਰ ਬਣਦਾ ਹੈ। ਬੇਸ਼ੱਕ ਅਜਿਹਾ ਸੰਭਵ ਨਹੀਂ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਹੀ ਨਾ ਪਰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖ ਕੇ ਅਸੀਂ ਕਾਫ਼ੀ ਹੱਦ ਤਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਬਿਮਾਰੀਆਂ ਸਿਰਫ਼ ਸਰੀਰਕ ਪੱਖੋਂ ਹੀ ਤਕਲੀਫ਼ਦੇਹ ਨਹੀਂ ਹੁੰਦੀਆਂ ਸਗੋਂ ਡਾਕਟਰੀ ਖ਼ਰਚਿਆਂ ਪੱਖੋਂ ਵੀ ਪਰਿਵਾਰਾਂ ਨੂੰ ਨਿਚੋੜ ਦਿੰਦੀਆਂ ਹਨ।
ਛਾਤੀ, ਫੇਫੜਿਆਂ ਦੇ ਰੋਗ, ਕਿਡਨੀ, ਲਿਵਰ ਦੀ ਖ਼ਰਾਬੀ, ਦਿਲ ਦੇ ਰੋਗ, ਅੱਖਾਂ ਦੀਆਂ ਬਿਮਾਰੀਆਂ ਅਤੇ ਸਭ ਤੋਂ ਭਿਆਨਕ ਰੋਗ ਕੈਂਸਰ ਵਾਤਾਵਰਨ ਦੇ ਪ੍ਰਦੂਸ਼ਣ ਦੀ ਹੀ ਦੇਣ ਹਨ। ਵਾਤਾਵਰਨ ਦਾ ਵਿਗਾੜ ਮਨੁੱਖੀ ਜੀਵਨ ਲਈ ਖ਼ਤਰੇ ਦੀ ਘੰਟੀ ਹੈ। ਹਵਾ ਪ੍ਰਦੂਸ਼ਣ ਦੇਸ਼ ਲਈ ਨਾਸੂਰ ਬਣ ਗਿਆ ਹੈ। ਹੁਣ ਇਹ ਸਿਰਫ਼ ਸਰਦੀਆਂ ਦੀ ਨਹੀਂ, ਬਲਕਿ ਸਾਲ ਭਰ ਦੀ ਸਮੱਸਿਆ ਬਣ ਗਿਆ ਹੈ।
ਦੇਸ਼ ਵਿਚ ਸਭ ਤੋਂ ਖ਼ਰਾਬ ਸਥਿਤੀ ਦਿੱਲੀ-ਐੱਨਸੀਆਰ ਦੀ ਹੈ। ਸ਼ਿਕਾਗੋ ਯੂਨੀਵਰਸਿਟੀ ਨੇ ਏਅਰ ਕੁਆਲਿਟੀ ਲਾਈਫ ਇੰਡੈਕਸ 2022 ਨਾਂ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਬੰਗਲਾਦੇਸ਼ ਤੋਂ ਬਾਅਦ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਹੈ। ਇਸ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਜੇ ਪ੍ਰਦੂਸ਼ਣ ਦਾ ਪੱਧਰ ਤੈਅ ਮਾਪਦੰਡਾਂ ਤੋਂ ਵੱਧ ਹੈ ਤਾਂ ਉੱਥੇ ਰਹਿਣ ਵਾਲੇ ਲੋਕਾਂ ਦੀ ਉਮਰ ’ਤੇ ਕਿੰਨਾ ਬੁਰਾ ਅਸਰ ਪੈਂਦਾ ਹੈ। ਪ੍ਰਦੂਸ਼ਣ ਦੀ ਵਜ੍ਹਾ ਨਾਲ ਦਿੱਲੀ-ਐੱਨਸੀਆਰ ਵਿਚ ਰਹਿਣ ਵਾਲੇ ਲੋਕਾਂ ਦੀ ਉਮਰ ਔਸਤਨ 10 ਸਾਲ ਘਟ ਰਹੀ ਹੈ। ਅਧਿਐਨ ਵਿਚ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੱਸਿਆ ਗਿਆ ਹੈ। ਆਬਾਦੀ ਤੇ ਸ਼ਹਿਰੀਕਰਨ ਦੇ ਵਧਣ ਨਾਲ ਵਾਤਾਵਰਨ ਵਿਚ ਅਸੰਤੁਲਨ ਮਹਿਸੂਸ ਹੋਣ ਲੱਗਿਆ ਹੈ। ਪਿਛਲੇ ਕਈ ਸਾਲਾਂ ਤੋਂ ਮੌਸਮੀ ਤਬਦੀਲੀਆਂ ਪ੍ਰਤੱਖ ਰੂਪ ਵਿਚ ਦੇਖਣ ਨੂੰ ਮਿਲੀਆਂ ਹਨ ਜਿਵੇਂ ਕਿ ਕਈ ਵਾਰ ਸਰਦ ਰੁੱਤ ਆਮ ਨਾਲੋਂ ਛੋਟੀ ਤੇ ਘੱਟ ਪਾਈ ਜਾਂਦੀ ਹੈ ਅਤੇ ਗਰਮੀਆਂ ਵਿਚ ਭਾਰਤ ਦੇ ਕਈ ਖੇਤਰਾਂ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਆਲਮੀ ਤਪਸ਼ ਕਾਰਨ ਹਿਮਾਲਿਆ ਉੱਤੋਂ ਬਰਫ ਦੇ ਪਿਘਲਣ ਵਿਚ ਤੇਜ਼ੀ ਆਉਣ ਲੱਗੀ ਹੈ। ਸੰਨ 2000 ਤਕ ਜਿਹੜੇ ਗਲੇਸ਼ੀਅਰ 22 ਸੈਂਟੀਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਪਿਘਲ ਰਹੇ ਸਨ, ਸੰਨ 2000 ਤੋਂ ਬਾਅਦ ਉਹ 43 ਸੈਂਟੀਮੀਟਰ ਪ੍ਰਤੀ ਸਾਲ ਯਾਨੀ ਕਿ ਪਹਿਲਾਂ ਨਾਲੋਂ ਦੁੱਗਣੇ ਦੇ ਹਿਸਾਬ ਨਾਲ ਪਿਘਲਣ ਲੱਗੇ ਹਨ।


ਸੂਰਜੀ ਤਪਸ਼ ਨੂੰ ਰੋਕਣ ਵਾਲੀਆਂ ਗੈਸਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ ਜਿਸ ਕਾਰਨ ਧਰਤੀ ਦਾ ਤਾਪਮਾਨ 1.5 ਸੈਲਸੀਅਸ ਦੀ ਦਰ ਨਾਲ ਵਧਣ ਲੱਗਾ ਹੈ। ਭਾਰਤ ’ਚ ਮੌਨਸੂਨ ਦੇ ਆਉਣ ਅਤੇ ਜਾਣ ਦੇ ਸਮੇਂ ਵਿਚ ਵੀ ਤਬਦੀਲੀ ਨੋਟ ਕੀਤੀ ਗਈ ਹੈ। ਹੜ੍ਹਾਂ ਰਾਹੀਂ ਤਬਾਹੀ ਦਾ ਮੰਜ਼ਰ ਵੀ ਵਾਤਾਵਰਨ ਦੇ ਵਿਗਾੜ ਕਾਰਨ ਹੀ ਹੈ। ਰੁੱਖਾਂ ਦੀ ਧੜਾਧੜ ਕਟਾਈ ਕਾਰਨ ਹੀ ਅਸੀਂ ਇਸ ਨੌਬਤ ਨੂੰ ਪਹੁੰਚੇ ਹਾਂ।

ਹਵਾ ਦੀ ਗੁਣਵੱਤਾ ਦੇ ਮਿਆਰ ਨੂੰ ਜਾਣਨ ਲਈ ਏਅਰ ਕੁਆਲਿਟੀ ਇੰਡੈਕਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਇੰਡੈਕਸ ਅਨੁਸਾਰ 0-500 ਤਕ ਵੱਖ-ਵੱਖ ਛੇ ਦਰਜਿਆਂ ਵਿਚ ਵੰਡ ਕੀਤੀ ਜਾਂਦੀ ਹੈ ਜਿਵੇਂ ਕਿ 0-50 ਦੀ ਦਰਜਾਬੰਦੀ ਅਨੁਸਾਰ ਹਵਾ ਦੀ ਗੁਣਵੱਤਾ ਮਨੁੱਖਾਂ ਲਈ ਚੰਗੀ ਮੰਨੀ ਜਾਂਦੀ ਹੈ ਜਦ ਕਿ 51-100 ਤਕ ਦੀ ਤਸੱਲੀਬਖ਼ਸ਼, 101-200 ਤਕ ਦਰਮਿਆਨੀ, 201-300 ਤਕ ਦੀ ਖ਼ਰਾਬ 301-400 ਤਕ ਦੀ ਬਹੁਤ ਖ਼ਰਾਬ ਅਤੇ 401-500 ਤਕ ਦੀ ਅੱਤ ਦਰਜੇ ਦੀ ਖ਼ਰਾਬ ਹੁੰਦੀ ਹੈ। ਹਰ ਸਾਲ ਅਕਤੂਬਰ-ਨਵੰਬਰ ਦੇ ਮਹੀਨੇ ਉੱਤਰੀ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦਾ ਇਹ ਇੰਡੈਕਸ ਅੱਤ ਦਰਜੇ ਦੇ ਖ਼ਰਾਬ ਸੰਕੇਤ ਨੂੰ ਪਾਰ ਕਰ ਜਾਂਦਾ ਹੈ। ਫਿਰ ਅਸੀਂ ਸਮੱਸਿਆ ਦਾ ਥੋੜ੍ਹ ਚਿਰਾ ਮਸਨੂਈ ਹੱਲ ਤਲਾਸ਼ਦੇ ਹਾਂ ਜਿਵੇਂ ਕਿ ਗੱਡੀਆਂ ਦਾ ਆਡ-ਈਵਨ ਨੰਬਰ ਦੇ ਹਿਸਾਬ ਬਦਲਵੇਂ ਦਿਨਾਂ ਵਿਚ ਚਲਨ, ਬਚਾਅ ਹਿਤ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ, ਅਫ਼ਸਰਾਂ, ਮੁਲਾਜ਼ਮਾਂ ਨੂੰ ਪੂਲ ਕਰ ਕੇ ਗੱਡੀ ਦੀ ਵਰਤੋਂ ਕਰਨ ਦੇ ਸੁਝਾਅ ਵਗੈਰਾ ਸ਼ਾਮਲ ਹਨ। ਕੋਈ ਵੀ ਸਰਕਾਰ ਸਮੱਸਿਆ ਦੇ ਪੱਕੇ ਹੱਲ ਪ੍ਰਤੀ ਸੰਜੀਦਾ ਦਿਖਾਈ ਨਹੀਂ ਦਿੰਦੀ। ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀ ਹੈ।

ਕੂੜੇ ਵਿਚ ਸੁੱਟੇ ਗਏ ਅਜਿਹੇ ਲਿਫ਼ਾਫ਼ਿਆਂ ਨੂੰ ਲੋਕ ਕਈ ਵਾਰ ਅੱਗ ਲਾ ਕੇ ਸੁਰਖੁਰੂ ਹੋ ਜਾਂਦੇ ਹਨ। ਪਲਾਸਟਿਕ ਦਾ ਧੂੰਆਂ ਟੌਕਸਿਕ (ਪੌਲੀ ਕਲੋਰੀਨੇਟਡ ਬਾਈ ਫਿਨਾਇਲ) ਗੈਸ ਯੁਕਤ ਹੁੰਦਾ ਹੈ ਜਿਹੜਾ ਮਨੁੱਖ ਤੇ ਬਨਸਪਤੀ, ਦੋਵਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ।

ਬਾਰਿਸ਼ ਦੇ ਦਿਨਾਂ ’ਚ ਪਲਾਸਟਿਕ ਦੇ ਲਿਫ਼ਾਫ਼ੇ ਸੀਵਰੇਜ ਵਿਚ ਪਾਣੀ ਦੇ ਵਹਾਅ ਅੱਗੇ ਰੁਕਾਵਟ ਦਾ ਕਾਰਨ ਬਣਦੇ ਹਨ। ਸੜਕਾਂ ’ਤੇ ਵਰਤ ਕੇ ਸੁੱਟੇ ਗਏ ਅਜਿਹੇ ਲਿਫ਼ਾਫ਼ੇ ਅਵਾਰਾ ਪਸ਼ੂ ਖਾ ਕੇ ਬਿਮਾਰ ਹੁੰਦੇ ਹਨ। ਪਰਾਲੀ ਸਾੜ ਕੇ ਅਸੀਂ ਵਾਤਾਵਰਨ ਨੂੰ ਤਾਂ ਪਲੀਤ ਕਰਦੇ ਹੀ ਹਾਂ, ਖੇਤਾਂ ਦੇ ਲਾਗੇ-ਛਾਗੇ ਖੜ੍ਹੇ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਾਂ। ਅੱਗ ਕਾਰਨ ਉੱਠਦਾ ਸੰਘਣਾ ਧੂੰਆਂ ਐਕਸੀਡੈਂਟਾਂ ਦਾ ਕਾਰਨ ਵੀ ਬਣਦਾ ਹੈ। ਮਿੱਤਰ ਕੀੜੇ ਅਗਨ ਭੇਟ ਹੋ ਜਾਂਦੇ ਹਨ। ਮਨੁੱਖੀ ਜੀਵਨ ਦੀ ਸ਼ਾਨ ਪੰਛੀ ਵੱਡੀ ਗਿਣਤੀ ਵਿਚ ਪੰਜਾਬ ਤੋਂ ਪਰਵਾਸ ਕਰ ਗਏ ਹਨ। ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਲਗਪਗ ਪੂਰੇ ਮਾਲਵੇ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ। ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ ਹੈ। ਅਜਿਹੇ ਪਾਣੀ ਦੀ ਵਰਤੋਂ ਮਨੁੱਖਾਂ, ਜੀਵ-ਜੰਤੂਆਂ ਅਤੇ ਫ਼ਸਲਾਂ ਲਈ ਅਤਿਅੰਤ ਖ਼ਤਰਨਾਕ ਹੈ। ਇਸ ਖੇਤਰ ਵਿਚ ਕਿਡਨੀ ਰੋਗਾਂ ਅਤੇ ਕੈਂਸਰ ਵਰਗੀ ਭਿਆਨਕ ਜਾਨਲੇਵਾ ਬਿਮਾਰੀ ਨੇ ਪੈਰ ਪਸਾਰ ਲਏ ਹਨ। ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿਚ ਫੈਕਟਰੀਆਂ ਵਾਲੇ ਵੀ ਰਸਾਇਣ ਯੁਕਤ ਰਹਿੰਦ-ਖੂਹੰਦ ਧਰਤੀ ਹੇਠ ਭੇਜ ਕੇ ਆਪਣਾ ਯੋਗਦਾਨ ਪਾ ਰਹੇ ਹਨ। ਪ੍ਰਦੂਸ਼ਣ ਰੋਕੂ ਮਹਿਕਮੇ ਦੁਆਰਾ ਫੜੇ ਜਾਣ ’ਤੇ ਥੋੜ੍ਹਾ-ਬਹੁਤਾ ਜੁਰਮਾਨਾ ਭਰ ਕੇ ਫਿਰ ਤੋਂ ਉਹੀ ਕੰਮ ਫੜ ਲੈਂਦੇ ਹਨ। ਅਨਟ੍ਰੀਟਡ ਪਾਣੀ ਨੂੰ ਧਰਤੀ ਹੇਠ ਭੇਜਣਾ ਕਾਨੂੰਨਨ ਜੁਰਮ ਕਰਾਰ ਦਿੱਤਾ ਜਾਵੇ ਅਤੇ ਪਾਣੀ ਦੀ ਸ਼ੁੱਧਤਾ ਲਈ ਪਲਾਂਟ ਦੇ ਅੰਦਰ ਹੀ ਵਿਵਸਥਾ ਹੋਣੀ ਚਾਹੀਦੀ ਹੈ।

ਵੱਡਾ ਸਵਾਲ ਇਹ ਹੈ ਕਿ ਆਖ਼ਰ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਕਿਵੇਂ ਬਚਾਇਆ ਜਾਵੇ? ਇਸ ਦਾ ਜਵਾਬ ਇਹ ਹੈ ਕਿ ਸਰਕਾਰਾਂ ਵੱਲੋਂ ਕਿਸਾਨਾਂ, ਵਾਤਾਵਰਨ ਪ੍ਰੇਮੀਆਂ, ਵਾਤਾਵਰਨ ਵਿਗਿਆਨੀਆਂ, ਡਾਕਟਰਾਂ ਅਤੇ ਸੁਹਿਰਦ ਅਫ਼ਸਰਾਂ ਉੱਤੇ ਆਧਾਰਤ ਇਕ ਗ਼ੈਰ-ਸਿਆਸੀ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਜਿਹੜੀ ਪਰਾਲੀ ਸਾੜਨ ਨੂੰ ਰੋਕਣ ਲਈ ਸਰਬ-ਪ੍ਰਵਾਨਤ ਹੱਲ ਸੁਝਾਵੇ। ਪਰਾਲੀ ਤੋਂ ਬਾਇਓ ਐਨਰਜੀ, ਗੱਤਾ, ਕਾਗਜ਼, ਫਿਊਲ ਆਦਿ ਤਿਆਰ ਕਰਨ ਦੇ ਪਲਾਂਟ ਲਗਾਏ ਜਾਣ ਬਾਰੇ ਸੋਚਿਆ ਜਾ ਸਕਦਾ ਹੈ। ਕਿਸਾਨ ਦੀ ਆਮਦਨ ਨੂੰ ਬਿਨਾਂ ਪ੍ਰਭਾਵਿਤ ਕੀਤਿਆਂ ਉਸ ਨੂੰ ਖੇਤੀ ਵਿਭਿੰਨਤਾ ਲਈ ਮਨਾਇਆ ਜਾਵੇ। ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਖੇਤੀ ਵਿਗਿਆਨੀਆਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਰਨਾ ਯਕੀਨੀ ਬਣਾਇਆ ਜਾਵੇ। ਫੈਕਟਰੀਆਂ ਦਾ ਪ੍ਰਦੂਸ਼ਣ ਘਟਾਉਣ ਲਈ ਫੈਕਟਰੀ ਮਾਲਕਾਂ ਦੀ ਨਕੇਲ ਕੱਸੀ ਜਾਵੇ।

ਉਲੰਘਣਾ ਕਰਨ ਵਾਲਿਆਂ ਦਾ ਲਾਇਸੈਂਸ ਰੱਦ ਕਰ ਕੇ ਸਦਾ ਲਈ ਤਾਲਾ ਲਗਾਇਆ ਜਾਵੇ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਿਸੇ ਪੱਧਰ ਦੇ ਅਧਿਕਾਰੀ ਦੁਆਰਾ ਆਪਣੀ ਡਿਊਟੀ ਪ੍ਰਤੀ ਵਰਤੀ ਅਣਗਹਿਲੀ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਵੇ। ਰੁੱਖ ਸਾਨੂੰ ਸ਼ੁੱਧ ਹਵਾ ਦਿੰਦੇ ਹਨ। ਫਲ, ਫੁੱਲ, ਲੱਕੜੀ, ਬਹੁਤ ਸਾਰੀਆਂ ਦਵਾਈਆਂ ਰੁੱਖਾਂ ਦੀ ਦੇਣ ਹਨ। ਮੀਂਹ ਪੁਆਉਣ ਤੇ ਹੜ੍ਹਾਂ ਨੂੰ ਰੋਕਣ ਵਿਚ ਰੁੱਖ ਸਾਡੀ ਮਦਦ ਕਰਦੇ ਹਨ। ਉਨ੍ਹਾਂ ਦੇ ਫ਼ਾਇਦਿਆਂ ਨੂੰ ਮੁੱਖ ਰੱਖਦੇ ਹੋਏ ਸੋਸ਼ਲ ਫਾਰੈਸਟਰੀ ਯਾਨੀ ਨਦੀਆਂ-ਨਾਲਿਆਂ, ਨਹਿਰਾਂ-ਸੂਇਆਂ, ਸੜਕਾਂ ਤੇ ਰੇਲ ਪਟੜੀਆਂ ਦੇ ਦੁਆਲੇ ਵੱਧ ਤੋਂ ਵੱਧ ਪੌਦੇ ਲਾਏ ਜਾਣ।

ਪਲਾਸਟਿਕ ਦੀ ਵਰਤੋਂ ’ਤੇ 100% ਪਾਬੰਦੀ ਆਇਦ ਕਰ ਕੇ ਕਾਗਜ਼ ਦੇ ਲਿਫ਼ਾਫ਼ੇ, ਕੱਪੜੇ ਦੇ ਥੈਲੇ ਅਤੇ ਗਲਣਯੋਗ ਪਲਾਸਟਿਕ ਦੀ ਸਮੱਗਰੀ ਵਰਤੋਂ ’ਚ ਲਿਆਂਦੀ ਜਾਵੇ। ਵਾਤਾਵਰਨ ਅਨੁਕੂਲ ਖਾਦਾਂ, ਦਵਾਈਆਂ ਜਿਵੇਂ ਕਿ ਨੀਮ ਕੋਟਡ ਯੂਰੀਆ ਆਦਿ ਵਰਤੋਂ ’ਚ ਲਿਆਂਦੀਆਂ ਜਾਣ। ਪੈਟਰੋਲ-ਡੀਜ਼ਲ ਦਾ ਬਦਲ ਫਲੈਕਸ ਫਿਊਲ ਵਾਲੇ ਇੰਜਣ ਵਾਲੇ ਵਾਹਨਾਂ ਦੀ ਵਰਤੋਂ ਕੀਤੀ ਜਾਵੇ। ਪੈਟਰੋਲ ਦੀ ਥਾਂ ਬਦਲਵੇਂ ਈਂਧਨ ਜਿਵੇਂ ਕਿ ਈਥਨੌਲ ਮਿਸ਼ਰਤ ਨੂੰ ਉਪਯੋਗ ’ਚ ਲਿਆਂਦਾ ਜਾਵੇ। ਭਾਰਤ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਉਹ ਬਿਆਨ ਕਿ ਭਾਰਤ ਨੇ 2030 ਤਕ 20% ਈਥਾਨੌਲ ਮਿਸ਼ਰਣ ਵਾਲੇ ਈਂਧਨ ਦਾ ਟੀਚਾ ਮਿੱਥਿਆ ਹੈ, ਸਵਾਗਤਯੋਗ ਹੈ। ਦੋਸਤੋ! ਵੇਲਾ ਹੈ ਜਾਗਣ ਦਾ। ਇਹ ਕੰਮ ਕਿਸੇ ਇਕੱਲੇ ਦਾ ਨਹੀਂ ਸਗੋਂ ਸਾਨੂੰ ਸਾਰਿਆਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਣੀ ਹੋਵੇਗੀ।
ਵਿਜੈ ਗਰਗ
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024