ਉਨ੍ਹਾਂ ਨੂੰ ਭੁੱਬਾਂ ਮਾਰਦਿਆਂ ਨੂੰ ਦੇਖਿਆ ਨਹੀਂ ਸੀ ਜਾ ਰਿਹਾ, ਆਪਣੇ ਇਕਲੌਤੇ ਪੁੱਤਰ ਦੀ ਇਸ ਤਰ੍ਹਾਂ ਹੋਈ ਮੌਤ ਤੇ। ਪੰਜਾਬ ਦੀ ਇਸ ਗੁਰੂਆਂ ਪੀਰਾਂ ਦੀ ਧਰਤੀ ਤੇ ਜ਼ਹਿਰੀਲੇ ਬੀਜ ਬੀਜਣ ਵਾਲਿਆਂ ਦਾ ਕਿਤੇ ਭਲਾ ਨਹੀਂ ਹੋਵੇਗਾ ਸ਼ਾਇਦ ਹਰ ਇੱਕ ਵਿਅਕਤੀ ਜੋ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਇਸ ਅਭਾਗੇ ਮਾਤਾ-ਪਿਤਾ ਦੇ ਘਰ ਪਹੁੰਚੇ ਹੋਏ ਸਨ ਦੇ ਜ਼ਿਹਨ ਵਿੱਚ ਚੱਲ ਰਿਹਾ ਸੀ। ਮਾਪਿਆਂ ਦਾ ਇਕਲੌਤਾ ਪੁੱਤਰ ਅੱਜ ਨਸ਼ੇ ਦੀ ਭੇਟ ਚੜ੍ਹ ਗਿਆ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਨੌਜਵਾਨ ਇਸ ਤਰ੍ਹਾਂ ਅਣਿਆਈ ਮੌਤ ਦਾ ਸ਼ਿਕਾਰ ਹੁੰਦੇ ਹਨ। ਅਫਸੋਸ ਤੇ ਬੈਠੇ ਲੋਕ ਗੱਲਾਂ ਕਰ ਰਹੇ ਸਨ ਕਿ ਪਿੰਡਾਂ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਪਰ ਪੁਲਿਸ ਵਿਭਾਗ ਅਤੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਅੱਖਾਂ ਮੀਚ ਕੇ ਬੈਠਾ ਹੋਇਆ ਹੈ। ਉੱਥੇ ਬੈਠਿਆਂ ਹੀ ਮਨ ਕਿਹੜੇ ਵਹਿਣਾਂ ਰੁੜ੍ਹ ਪਿਆ।
ਸੋਚ ਰਿਹਾ ਸਾਂ ਕਿ ਸਰਕਾਰ ਬਣਨ ਤੇ ਰਾਜਨੀਤਿਕ ਆਗੂ ਨਸ਼ੇ ਨੂੰ ਠੱਲ੍ਹ ਪਾਉਣ ਦੇ ਐਸੇ ਐਲਾਨ ਕਰਦੇ ਹਨ ਜਿਵੇਂ ਇਹ ਅੱਜ ਭਲਕ ਹੀ ਨਸ਼ੇ ਦੇ ਕਾਰੋਬਾਰੀਆਂ ਤੇ ਤਸਕਰਾਂ ਤੇ ਸਕੰਜਾ ਕਸਕੇ ਇਸ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰ ਦੇਣਗੇ ਪਰ ਕਹਿੰਦੇ ਹੁੰਦੇ ਨੇ ‘ਪੰਚਾਂ ਦਾ ਕਿਹਾ ਸਿਰਮੱਥੇ ਪਰਨਾਲਾ ਉੱਥੇ ਦਾ ਉੱਥੇ ’। ਚਾਰੇ ਪਾਸੇ ਨਸ਼ਿਆਂ ਦਾ ਐਸਾ ਹੜ੍ਹ ਵਗ ਰਿਹਾ ਹੈ ਜੋ ਨੌਜਵਾਨੀ ਨੂੰ ਵਰਗਲਾ ਕੇ ਤਬਾਹੀ ਵੱਲ ਲਿਜਾ ਰਿਹਾ ਹੈ। ਅੱਜ ਸਾਡੇ ਪੰਜਾਬ ਸੂਬੇ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਇੱਥੇ ਰਹਿਣ ਵਾਲੇ ਇੱਥੋਂ ਪਲਾਇਨ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਇਸ ਮਾੜੀ ਅਲਾਮਤ ਦੇ ਹੱਥੇ ਨਾ ਚੜ੍ਹ ਜਾਣ। ਜੇ ਇਸ ਤਰ੍ਹਾਂ ਹਾਲਾਤ ਵਿਗੜਦੇ ਗਏ ਤਾਂ ਇਹ ਜੋ ਕਿਸੇ ਸਮੇਂ ਰੰਗਲਾ ਪੰਜਾਬ ਹੁੰਦਾ ਸੀ, ਵਿਰਾਨ ਹੋ ਜਾਵੇਗਾ। ਜਵਾਨੀ ਬਹੁਤੀ ਨਸ਼ਿਆਂ ਵਿੱਚ ਪੈ ਗਈ ਅਤੇ ਬਾਕੀ ਜੋ ਬਚੇ ਨੇ ਉਹ ਵਿਦੇਸ਼ਾਂ ਨੂੰ ਚਲੇ ਜਾ ਰਹੇ ਹਨ ਫਿਰ ਇੱਥੇ ਖੁਸ਼ਹਾਲੀ ਲਿਆਉਣ ਵਾਲਾ ਬਚੇਗਾ ਕੌਣ ? ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਸੀਨਾ ਚੀਰਦੇ ਵੈਣ ਹਲੂਣਦੇ ਹਨ ਪਰ ਸੋਚ ਫਿਰ ਤੁਰ ਪੈਂਦੀ ਹੈ।
ਕਿੱਥੇ ਗਈਆਂ ਸਾਡੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ,ਕਿੱਥੇ ਗਿਆ ਹੱਕ ਦੀ ਕਮਾਈ ਕਰਨ ਦਾ ਸਿਧਾਂਤ । ਮਾਇਆ ਦਾ ਅਜਿਹਾ ਜਾਲ਼ ਵਿਛਿਆ ਹੈ ਜਿਸ ਨੇ ਸਾਰੇ ਕਾਸੇ ਨੂੰ ਢੱਕ ਲਿਆ ਹੈ । ਕੀ ਕੋਈ ਨਹੀਂ ਇਸ ਜਵਾਨੀ ਅਤੇ ਧਰਤੀ ਨੂੰ ਬਚਾਉਣ ਵਾਲਾ ? ਹਾਂ ਕੁਛ ਉਮੀਦ ਉਦੋਂ ਬੱਝਦੀ ਹੈ ਜਦੋਂ ਕਿਸੇ ਪਿੰਡ ਦੇ ਮੋਹਤਬਰ ਸੱਜਣ ਅਤੇ ਸਾਰੇ ਲੋਕ ਇਕਜੁੱਟ ਹੋ ਕੇ ਫੈਸਲਾ ਕਰਦੇ ਹਨ ਕਿ ਪਿੰਡ ਵਿੱਚ ਨਸ਼ਾ ਸਪਲਾਈ ਕਰਨ ਵਾਲਾ ਜਾਂ ਅਜਿਹਾ ਕੋਈ ਸ਼ੱਕੀ ਆਦਮੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ, ਕਰੜਾ ਪਹਿਰਾ ਰੱਖਿਆ ਜਾਂਦਾ ਹੈ । ਦੂਜੇ ਪਾਸੇ ਨਸ਼ੇ ਦੇ ਆਦੀ ਹੋਏ ਨੌਜਵਾਨਾਂ ਦਾ ਸਹੀ ਇਲਾਜ ਕਰਵਾ ਕੇ ਉਨ੍ਹਾਂ ਨੂੰ ਫਿਰ ਤੋਂ ਮੁੱਖ ਧਾਰਾ ਵਿੱਚ ਲਿਆਉਣ ਅਤੇ ਪਿੰਡ ਵਿੱਚ ਆਪਣੇ ਕੰਮ ਧੰਦੇ ਨਾਲ਼ ਜੋੜਨ ਲਈ ਉਪਰਾਲੇ ਕਰਦੇ ਹਨ ।
ਅਸਲ ਵਿੱਚ ਲੋਕ ਸਰਕਾਰਾਂ ਤੋਂ ਬੇਉਮੀਦ ਹੋ ਚੁੱਕੇ ਹਨ ਜੋ ਵੀ ਕਰਨਾ ਹੈ ਉਹ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਆਪ ਹੀ ਇਕੱਠੇ ਹੋ ਕੇ ਕਰਨਾ ਪਵੇਗਾ। ਨਹੀਂ ਤਾਂ ਪਿਛਲੀ ਪੀੜ੍ਹੀ (ਸਾਡੇ ਬਜ਼ੁਰਗ) ਖਤਮ ਹੋ ਰਹੀ ਹੈ, ਇਹ ਪੀੜ੍ਹੀ ਨਸ਼ਿਆਂ ਵਿੱਚ ਗ੍ਰਸਤ ਹੁੰਦੀ ਜਾ ਰਹੀ ਹੈ ਤਾਂ ਅਗਲੀ ਪੀੜ੍ਹੀ ਦੀ ਹੋਂਦ ਨਾ ਦੇ ਬਰਾਬਰ ਹੀ ਹੈ ।
ਨੌਜਵਾਨ ਦੀ ਲਾਸ਼ ਦੇ ਸਿਹਰੇ ਬੰਨ੍ਹੇ ਜਾਂਦੇ ਹਨ। ਮੈਂ ਉਧਰ ਪਿੱਠ ਕਰ ਲੈਂਦਾ ਹਾਂ ਤੇ ਥੋੜ੍ਹੀ ਦੇਰ ਬਾਅਦ ਤੁਰ ਪੈਂਦਾ ਹਾਂ ਉਹਨਾਂ ਦੇ ਪਿੱਛੇ ਜਿਧਰ ਸਾਰੇ ਉਸ ਨੂੰ ਛੱਡਣ ਤੁਰਦੇ ਹਨ। ਇਸ ਤੋਂ ਬਾਅਦ ਕੁੱਝ ਨਹੀਂ ਸੋਚਿਆ ਜਾਂਦਾ। ਦਿਲ ਦਿਮਾਗ ਸੁੰਨ ਹੋ ਜਾਂਦੇ ਹਨ।
ਲਾਭ ਸਿੰਘ ਸ਼ੇਰਗਿੱਲ
ਸੰਗਰੂਰ