ਅੰਮ੍ਰਿਤਸਰ-ਤਿੰਨ ਦਿਨਾ ਦੌਰ ’ਤੇ ਪੰਜਾਬ ਆਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਬੀਤੇ ਦਿਨੀਂ ਅੰਮ੍ਰਿਤਸਰ ਸਥਿਤ ਛੇਹਰਟਾ ਵਿਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰ ਦਿੱਤਾ। ਇਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਨੂੰ ਇਤਿਹਾਸਕ ਦੱਸਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਅੱਜ ਤੋਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਜਿਸ ਸਰਕਾਰੀ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ, ਉਹ ਮਾਮੂਲੀ ਨਹੀਂ ਹੈ। ਪੂਰੇ ਪੰਜਾਬ ਵਿਚ ਵੱਡੇ ਤੋਂ ਵੱਡੇ ਪ੍ਰਾਈਵੇਟ ਸਕੂਲ ਵਿਚ ਵੀ ਉਹ ਸਹੂਲਤਾਂ ਨਹੀਂ ਜਿਹੜੀਆਂ ਇਸ ਸਕੂਲ ਵਿਚ ਦਿੱਤੀਆਂ ਗਈਆਂ ਹਨ। ਪੰਜਾਬ ਵਿਚ 20000 ਸਰਕਾਰੀ ਸਕੂਲ ਹਨ। ਕਈ ਸਕੂਲਾਂ ਵਿਚ ਬੈਂਚ ਨਹੀਂ ਹਨ, ਛੱਤਾਂ ਚੋਂਦੀਆਂ ਹਨ, ਪੀਣ ਲਈ ਪਾਣੀ ਨਹੀਂ ਹੈ, ਪਖਾਨਿਆਂ ਦਾ ਬੁਰਾ ਹਾਲ ਹੈ, ਬਾਊਂਡਰੀ ਵਾਲ ਨਹੀਂ ਹੈ। ਚੌਂਕੀ ਦਾਰ ਨਹੀਂ ਹਨ ਅਤੇ ਗੰਦਗੀ ਨਾਲ ਭਰੇ ਹੋਏ ਹਨ। ਲੋਕ ਮਜਬੂਰੀ ਵਸ ਆਪਣੇ ਬੱਚਿਆਂ ਨੂੰ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਭੇਜਦੇ ਹੈ। ਕੁੱਝ ਲੋਕ ਆਪਣਾ ਢਿੱਡ ਵੱਢ ਕੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਭੇਜਣ ਨੂੰ ਮਜਬੂਰ ਹਨ ਪਰ ਅੱਜ ਤੋਂ ਪੰਜਾਬ ਵਿਚ ਇਹ ਰਿਵਾਇਤ ਬਦਲ ਜਾਵੇਗੀ। ਪੰਜਾਬ ਸਰਕਾਰ ਅਜਿਹੇ ਸਕੂਲ ਬਣਾ ਰਹੀ ਹੈ ਕਿ ਲੋਕ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਜਿੰਮ ਦੀ ਸਹੂਲਤ ਤੋਂ ਇਲਾਵਾ ਆਡੀਟੋਰੀਅਮ ਵੀ ਬਣਾਵਾਂਗੇ। ‘ਆਪ’ ਸੁਪਰੀਮੋ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਗਰੀਬਾਂ ਦੇ ਬੱਚਿਆਂ ਦੇ ਵੀ ਵੱਡੇ ਸਫਨੇ ਹਨ ਪਰ ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਕਾਰਣ ਇਹ ਸੁਫਨੇ ਪੂਰੇ ਨਹੀਂ ਹੁੰਦੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਆਪਣਾ ਸੁਫਨਾ ਪੂਰਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸਾਰੇ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ ਹੈ, ਅੱਜ ਤੋਂ ਇਹ ਸੁਫਨਾ ਪੂਰਾ ਕਰਨ ਦਾ ਕੰਮ ਸ਼ੁਰੂ ਹੋਇਆ ਹੈ। ਪੂਰੇ ਪੰਜਾਬ ਵਿਚ 117 ਸਕੂਲ ਅਜਿਹੇ ਬਣਾਵਾਂਗੇ, ਉਸ ਤੋਂ ਬਾਅਦ ਹੋਰ ਵੀ ਸਕੂਲ ਬਣਾਏ ਜਾਣ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨਸ਼ੇ ਖ਼?ਲਾਫ਼ ਸੂਬੇ ਵਿਚ ਜ਼ਬਰਦਸਤ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨਾ ਹੈ, ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਇਕ ਦੇਸ਼ ਇਕ ਚੋਣ, ਕਦੇ ਨਾ ਹੋਣ ਦਿਓ। ਨੇਤਾ ਸਿਰਫ ਚੋਣਾਂ ਤੋਂ ਤਾਂ ਡਰਦੇ ਹਨ, ਚੋਣਾਂ ਤੋਂ ਬਾਅਦ ਕੋਈ ਨਹੀਂ ਵੜਦਾ, ਵੋਟ ਮੰਗਣ ਹੀ ਆਉਂਦੇ ਹਨ ਤੇ ਚਾਰ ਕੰਮ ਕਰਕੇ ਵੀ ਜਾਂਦੇ ਹਨ, ਜੇ ਚੋਣ ਖਤਮ ਹੋ ਗਈ ਤਾਂ ਫਿਰ ਇਨ੍ਹਾਂ ਨੇ ਸ਼ਕਲ ਤਕ ਨਹੀਂ ਵਿਖਾਉਣੀ। ਇਨ੍ਹਾਂ ਦਾ ਮਤਲਬ ਸਾਢੇ ਚਾਰ ਸਾਲ ਸਾਰੀਆਂ ਦੁਨੀਆ ਵਿਚ ਘੁੰਮਾਂਗੇ ਤੇ ਅਖੀਰ ’ਤੇ ਆ ਕੇ ਸ਼ਕਲ ਦਿਖਾਵਾਂਗੇ। ਸਾਨੂੰ ਇਕ ਦੇਸ਼ ਇਕ ਚੋਣ ਨਹੀਂ ਸਗੋਂ ਇਕ ਦੇਸ਼ ਇਕ ਸਿੱਖਿਆ ਮਿਲਣੀ ਚਾਹੀਦੀ ਹੈ।