ਜ਼ਿੰਦਗੀ ਇੱਕ ਅਨਮੋਲ ਖਜ਼ਾਨਾ ਹੈ। ਹਰ ਇਨਸਾਨ ਦੀ ਜਿੰਦਗੀ ਵਿੱਚ ਉਤਾਰ- ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਕਈ ਇਨਸਾਨ ਲਗਾਤਾਰ ਆ ਰਹੇ ਉਤਾਰ-ਚੜਾਅ ਕਾਰਨ ਡਾਵਾਂਡੋਲ ਹੋ ਜਾਂਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਬੋਝ ਜਿਹੀ ਲੱਗਣ ਲੱਗ ਜਾਂਦੀ ਹੈ। ਅਜਿਹੇ ਇਨਸਾਨ ਜਿੰਦਗੀ ਨੂੰ ਹੱਸ ਖੇਡ ਕੇ ਨਹੀਂ ਗੁਜ਼ਾਰਦੇ ,ਸਗੋਂ ਕੱਟਦੇ ਹਨ। ਨਕਰਾਤਮਕ ਵਿਚਾਰ ਉਹਨਾਂ ਦੇ ਅੰਦਰ ਘਰ ਕਰ ਜਾਂਦੇ ਹਨ।ਉਹ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਨ ਲੱਗ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਸੋਚ ਨਕਰਾਤਮਕ ਬਣ ਜਾਂਦੀ ਹੈ। ਉਹ ਆਪਣੇ ਮਨ ਚਾਹੇ ਟੀਚੇ ਤੇ ਨਹੀਂ ਪੁੱਜ ਸਕਦੇ। ਕੁਦਰਤ ਨੇ ਸੋਹਣੀ ਜ਼ਿੰਦਗੀ ਬਖ਼ਸ਼ੀ ਹੈ । ਅੱਜਕਲ੍ਹ ਦੀ ਜ਼ਿੰਦਗੀ ਤਾਂ ਵੈਸੇ ਹੀ ਬਹੁਤ ਛੋਟੀ ਹੈ। ਪਤਾ ਹੀ ਨਹੀਂ ਲੱਗਦਾ ਕੌਣ ਕਦੋਂ ਇਸ ਸੰਸਾਰ 'ਚੋਂ ਰੁਖ਼ਸਤ ਕਰ ਜਾਂਦਾ ਹੈ।ਇਸ ਨੂੰ ਚੰਗੇ ਕੰਮਾਂ ਵਿੱਚ ਲਗਾਓ। ਮਿਹਨਤ ਕਰਦੇ ਰਹੋ ।ਚੰਗੇ ਕਰਮ ਕਰੋ। ਕਿਸੇ ਦਾ ਵੀ ਮਾੜਾ ਨਾ ਸੋਚੋ। ਜੇ ਤੁਸੀਂ ਮੰਜ਼ਿਲ ਤੱਕ ਨਹੀਂ ਪੁੱਜ ਸਕੇ ਤਾਂ ਆਪਣੀ ਗਲਤੀਆਂ ਨੂੰ ਦੇਖੋ। ਜੋ ਬੰਦੇ ਮੰਜ਼ਿਲ ਨੂੰ ਸਰ ਕਰ ਚੁੱਕੇ ਹਨ, ਉਨ੍ਹਾਂ ਦੇ ਤਜਰਬੇ ਨੂੰ ਦੇਖੋ। ਇਹ ਨਾ ਸੋਚੋ ਕਿ ਉਹ ਬੰਦਾ ਮੇਰੇ ਤੋਂ ਅੱਗੇ ਕਿਵੇਂ ਨਿਕਲ ਗਿਆ, ਉਸ ਬਾਰੇ ਨਕਰਾਤਮਕ ਸੋਚ ਨਾ ਰੱਖੋ। ਮਿਹਨਤ ਕਰਦੇ ਚਲੋ, ਕਿਹਾ ਵੀ ਜਾਂਦਾ ਹੈ ਮਿਹਨਤ ਸਫ਼ਲਤਾ ਦੀ ਕੁੰਜੀ ਹੈ। ਚਲਦੇ ਰਹਿਣਾ ਹੀ ਜ਼ਿੰਦਗੀ ਹੈ ।ਲਗਾਤਾਰ ਮਿਹਨਤ ਕਰਕੇ ਅਸਫ਼ਲਤਾ ਤੋਂ ਬਾਅਦ ਸਫ਼ਲਤਾ ਜ਼ਰੂਰ ਮਿਲਦੀ ਹੈ।ਅੱਜ ਦੇ ਜ਼ਮਾਨੇ ਵਿੱਚ ਸਭ ਕੁੱਝ ਸੰਭਵ ਹੈ।ਮਿਹਨਤ ਕਰਕੇ ਤੁਸੀਂ ਵੀ ਮੰਜ਼ਿਲ ਨੂੰ ਸਰ ਕਰ ਸਕਦੇ ਹੋ। ਫਜ਼ੂਲ ਦੀਆਂ ਗੱਲਾਂ ਵਿੱਚ ਆਪਣਾ ਸਮਾਂ ਨਾ ਗੁਆਓ ।ਇਹ ਸਮਾਂ ਬਹੁਤ ਕੀਮਤੀ ਹੁੰਦਾ ਹੈ।