Articles

ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਸੰਖੇਪ ਇਤਿਹਾਸ ਅਤੇ ਡੇਢ ਸੌ ਸਾਲਾ ਸਤਾਬਦੀ

  • Punjabi Bulletin
  • Sep 24, 2023
ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਸੰਖੇਪ ਇਤਿਹਾਸ ਅਤੇ ਡੇਢ ਸੌ ਸਾਲਾ ਸਤਾਬਦੀ
  • 669 views
ਅੰਗਰੇਜਾਂ ਵੱਲੋਂ ਸੰਨ 1849 ਈਸਵੀ ਵਿਚ ਖਾਲਸਾ ਰਾਜ ਮੁਅਤਲ ਕਰਕੇ ਮੁਕੰਮਲ ਪੰਜਾਬ ਨੂੰ ਆਪਣੇ ਅਧੀਨ ਕੀਤੇ ਜਣ ਤੋਂ ਬਾਅਦ ਈਸਾਈ ਮਿਸ਼ਨਰੀਆਂ ਨੇ ਬੇਖੌਂਫ਼ ਹੋ ਕੇ ਪੰਜਾਬ ਅੰਦਰ ਆਪਣੇ ਮਿਸ਼ਨ ਸਥਾਪਤ ਕਰ ਲਏ ਅਤੇ ਆਪਣੇ ਸਕੂਲ ਖੋਲ੍ਹ ਦਿੱਤੇ। ਅੰਗਰੇਜ਼ ਹਕੂਮਤ ਨੇ ਈਸਾਈ ਮਿਸ਼ਨਰੀਆਂ ਨੂੰ ਪ੍ਰਚਾਰ ਦੇ ਖੂਬ ਮੌਕੇ ਪਰਦਾਨ ਕਰਵਾਏ। ਉੱਧਰ ਸਿੱਖਾਂ ਨੂੰ ਆਪਣਾ ਰਾਜ ਭਾਗ ਖੁੱਸ ਜਾਣ ਤੋ ਬਾਅਦ ਨਿਰਾਸਾ ਨੇ ਘੇਰ ਲਿਆ। ਉਹ ਜਿੱਧਰ ਵੀ ਕੋਈ ਰਾਹਤ ਮਿਲਦੀ ਜਾਪਦੀ,ਉੱਧਰ ਹੀ ਖਿੱਚੇ ਜਾਣ ਲੱਗੇ।ਸਿੱਖ ਰਾਜ ਦੇ ਜਾਣ ਤੋ ਬਾਅਦ ਹਿੰਦੂ,ਮੁਸਲਿਮ ਅਤੇ ਈਸਾਈ ਮਿਸ਼ਨਰੀਆਂ ਨੇ ਨਿਰਾਸ ਹੋਏ ਸਿੱਖਾਂ ਨੂੰ ਆਪਣੇ ਆਪਣੇ ਧਰਮਾਂ ਵਿੱਚ ਸ਼ਾਮਲ ਕਰਨ ਲਈ ਜੋਰਦਾਰ ਪਰਚਾਰ ਅਰੰਭਿਆ ਹੋਇਆ ਸੀ,ਜਿਸ ਦੇ ਫਰਲਸਰੂਪ 1868 ਦੀ ਪਹਿਲੀ ਮਰਦਮਸੁਮਾਰੀ ਮੌਕੇ ਸਿੱਖਾਂ ਦੀ ਕੁੱਲ ਗਿਣਤੀ ਸਾਢੇ ਗਿਆਰਾਂ ਲੱਖ ਤੋ ਘੱਟ (11,41,448) ਰਹਿ ਗਈ। ਸੰਨ 1873 ਵਿਚ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਦੇ ਈਸਾਈ ਬਨਣ  ਦੀ ਚਰਚਾ ਹੋਈ ਅਤੇ ਇਹਨਾਂ ਦਿਨਾਂ ਵਿੱਚ ਹੀ ਇੱਕ ਹਿੰਦੂ ਪਰਚਾਰਕ ਪੰਡਤ ਸ਼ਰਧਾ ਰਾਮ ਫਿਲੌਰੀ ਨੇ ਗੁਰੂ ਕੇ ਬਾਗ ਵਿਖੇ ਆਪਣੀ ਕਥਾ ਦੌਰਾਨ ਸਿੱਖੀ ਨੂੰ ਮਿਥ ਕੇ ਨਿਸਾਨਾ ਬਣਾਇਆ ਗਿਆ,ਇੱਥੋ ਤੱਕ ਕਿ ਪੰਡਤ ਸ਼ਰਧਾ ਰਾਮ ਫਿਲੌਰੀ ਨੇ ਗੁਰੂ ਨਾਨਕ ਸਾਹਿਬ ਸਬੰਧੀ ਵੀ ਅਪਸਬਦ ਆਪਣੀ ਕਥਾ ਦੌਰਾਨ ਬੋਲ ਦਿੱਤੇ,ਜਿਸ ਕਰਕੇ ਉਹਨਾਂ ਦਾ ਵਿਰੋਧ ਹੋਣਾ ਸੁਭਾਵਿਕ ਸੀ।ਸਿੱਖ ਨੌਜਵਾਨਾਂ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ।ਇਸ ਤੋ ਬਾਅਦ ਸੂਝਵਾਨ ਸਿੱਖ ਸਿੱਦਤ ਨਾਲ ਇਹ ਲੋੜ ਮਹਿਸੂਸ਼ ਕਰਨ ਲੱਗ ਪਏ ਕਿ ਸਿੱਖ ਵਿਰੋਧੀ ਲਹਿਰਾਂ ਦਾ ਟਾਕਰਾ ਕਰਨ ਲਈ ਉਹਨਾਂ ਨੂੰ ਵੀ ਕੋਈ ਸਿੱਖ ਲਹਿਰ ਚਲਾਉਣੀ ਪਵੇਗੀ। ਸੋ ਸਿੱਖੀ ਦੀ ਹੋਂਦ ਹਸਤੀ ਨੂੰ ਦਰਪੇਸ ਗੰਭੀਰ ਚਣੌਤੀਆਂ ਵਿੱਚੋ ਹੀ ਸ੍ਰੀ ਗੁਰੂ ਸਿੰਘ ਸਭਾ ਦਾ ਜਨਮ ਹੋਇਆ। 30 ਜੁਲਾਈ ਨੂੰ ਗੁਰੂ ਕੇ ਬਾਗ ਵਿੱਚ ਹੀ ਬਾਬਾ ਖੇਮ ਸਿੰਘ ਬੇਦੀ, ਸਰਦਾਰ ਠਾਕਰ ਸਿੰਘ ਸੰਧਾਂਵਾਲੀਆ, ਕੰਵਰ ਬਿਕਰਮਾ ਸਿੰਘ, ਗਿਆਨੀ ਗਿਆਨ ਸਿੰਘ ਆਦਿ ਸਿੱਖ ਆਗੂਆਂ ਨੇ ਇਕੱਤਰ ਹੋ ਕੇ ‘ਸ੍ਰੀ ਗੁਰੂ ਸਿੰਘ ਸਭਾ’ ਨਾਮ ਦੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ। 1 ਅਕਤੂਬਰ 1873 ਨੂੰ ਦੁਸਹਿਰੇ ਵਾਲੇ ਦਿਨ, ਹੋਈ ਮੀਟਿੰਗ ਵਿੱਚ ਸਭਾ ਦੇ ਹੋਂਦ ਵਿੱਚ ਆਉਣ,ਅਸੂਲ, ਫਰਜ ਅਤੇ ਏਜੰਡਾ ਸਾਂਝਾ ਕੀਤਾ ਗਿਆ,ਜਿਸ ਵਿੱਚ:- ਪੰਥ ਦੀਆਂ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਕੇ ਸਿੱਖੀ ਦੇ ਗੁਰੂਆਂ ਦੁਆਰਾ ਦੱਸੇ ਅਸੂਲਾਂ ਨੂੰ ਉਜਾਗਰ ਕਰਨਾ ਅਤੇ ਉਸ ਦਾ ਪ੍ਰਚਾਰ ਕਰਨਾ,ਸਿੱਖਾਂ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਦੀ ਖੋਜ, ਪੜਚੋਲ ਕਰਕੇ ਮੁਨਾਸਬ ਸਾਹਿਤ ਦਾ ਪ੍ਰਕਾਸ਼ਨ ਅਤੇ ਪ੍ਰਸਾਰ ਕਰਨਾ, ਗੁਰਮੁਖੀ ਰਾਹੀਂ ਨਵੇਂ ਗਿਆਨ ਅਤੇ ਵਿੱਦਿਆ ਦਾ ਪ੍ਰਚਾਰ ਕਰਨਾ, ਪੰਜਾਬੀ ਭਾਸ਼ਾ ਵਿੱਚ ਅਖ਼ਬਾਰ ਅਤੇ ਰਸਾਲੇ ਕੱਢਣੇ, ਪਤਿਤ ਹੋਏ ਸਿੱਖਾਂ ਦਾ ਸੁਧਾਰ ਅਤੇ ਅੰਮ੍ਰਿਤ ਸੰਚਾਰ ਪ੍ਰਚਾਰ, ਅੰਗਰੇਜ਼ ਸਰਕਾਰ ਨਾਲ ਮਿਲਵਰਤਨ ਰੱਖਣਾ ਅਤੇ ਸਭਾ ਦੇ ਵਿੱਦਿਅਕ ਟੀਚੇ ਪ੍ਰਾਪਤ ਕਰਨ ਲਈ ਸਰਕਾਰੀ ਸਹਿਯੋਗ ਲੈਣਾ ਮੁੱਖ ਏਜੰਡੇ ਉਲੀਕੇ ਗਏ। ਸ੍ਰੀ ਗੁਰੂਸਿੰਘ ਸਭਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਭਾ ਨੇ ਦੂਜੇ ਧਰਮਾਂ ਨਾਲ ਟਕਰਾਓ ਪੈਦਾ ਕਰਕੇ ਉਲਝਣ ਦੀ ਬਜਾਏ ਆਪਣੇ ਧਰਮ ਪ੍ਰਤੀ ਸੰਜੀਦਾ ਹੋਣ ਨੂੰ ਪਹਿਲ ਦਿੱਤੀ ਅਤੇ ਸਿੱਖੀ ਪ੍ਰਤੀ ਪਰਪੱਕਤਾ ਨੂੰ ਦ੍ਰਿੜ ਕਰਵਾਉਣਾ ਹੀ ਨਿਸਾਨਾ ਰੱਖਿਆ।ਡਾ ਰਤਨ ਸਿੰਘ ਜੱਗੀ ਦੇ ਸਬਦਾਂ ਵਿੱਚ   ਸਿੰਘ ਸਭਾ ਅੰਮ੍ਰਿਤਸਰ ਦੇ ਕਾਰਕੁਨ ਅਕਸਰ ਰਈਸ ਪਰਿਵਾਰਾਂ ਨਾਲ ਸੰਬੰਧ ਰਖਦੇ ਸਨ ਜਿਵੇਂ ਬਾਬਾ ਖੇਮ ਸਿੰਘ ਬੇਦੀ , ਰਾਜਾ ਬਿਕ੍ਰਮ ਸਿੰਘ ਫ਼ਰੀਦਕੋਟ , ਕੰਵਰ ਬਿਕ੍ਰਮਾ ਸਿੰਘ ਕਪੂਰਥਲਾ , ਸ. ਠਾਕੁਰ ਸਿੰਘ ਸੰਧਾਵਾਲੀਆ, ਸ. ਮਿਹਰ ਸਿੰਘ ਚਾਵਲਾ, ਡਾ. ਜੈ ਸਿੰਘ, ਭਾਈ ਮਈਆ ਸਿੰਘ ਆਦਿ। ਇਸ ਸਭਾ ਦਾ ਪਹਿਲਾ ਪ੍ਰਧਾਨ ਸ. ਠਾਕੁਰ ਸਿੰਘ ਸੰਧਾਵਾਲੀਆ ਅਤੇ ਪਹਿਲਾ ਸਕੱਤਰ ਗਿਆਨੀ ਗਿਆਨ ਸਿੰਘ ਸਨ। ਊਚ ਨੀਚ ਦੇ ਪਾੜੇ ਕਾਰਨ 1879 ਵਿੱਚ ਸ੍ਰੀ ਗੁਰੂ ਸਿੰਘ ਸਭਾ ਲਹੌਰ ਹੋਂਦ ਵਿੱਚ ਆਂਈ,ਜਿਸ ਦੇ ਪਹਿਲੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਮੁੱਖ ਸਕੱਤਰ ਪ੍ਰੋ ਗੁਰਮੁਖ ਸਿੰਘ ਨੂੰ ਬਣਾਇਆ ਗਿਆ। 1880 ਵਿੱਚ ਲਹੌਰ ਵਿੱਚ ਹੋਏ ਇੱਕ ਇਜਲਾਸ ਵਿੱਚ ਦੋਵਾਂ ਸਭਾਵਾਂ ਵਿੱਚ ਤਾਲਮੇਲ ਪੈਦਾ ਕਰਨ ਲਈ ਸਿੰਘ ਸਭਾ ਜਨਰਲ ਦਾ ਗਠਨ ਕੀਤਾ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਬਹੁਤ ਦੂਰਗਾਮੀ ਪ੍ਰਭਾਵ ਦੇਖਿਆ ਗਿਆ।ਖਾਲਸਾ ਸਕੂਲ ਅਤੇ ਕਾਲਜ ਬਨਾਉਣੇ ਸਭਾ ਦਾ ਟੀਚਾ ਰਿਹਾ,ਸਿੱਖ ਵਿਦਵਾਨ ਪੈਦਾ ਕਰਕੇ ਸਿੱਖ ਸਾਹਿਤ ਨੂੰ ਲਿਖਣ ਅਤੇ ਸਾਂਭਣ ਦੇ ਵੱਡੇ ਉਪਰਾਲੇ ਕੀਤੇ ਗਏ,ਇਸ ਤੋ ਇਲਾਵਾ ਸਿੰਘ ਸਭਾ ਲਹਿਰ ਨੇ ਭਾਈ ਵੀਰ ਸਿੰਘ , ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਗਿਆਨੀ ਗਿਆਨ ਸਿੰਘ ਵਰਗੇ ਪ੍ਰਸਿੱਧ ਸਿੱਖ ਵਿਦਵਾਨ ਵੀ ਪੈਦਾ ਕੀਤੇ,ਪ੍ਰਿੰਸੀਪਲ ਗੁਰਦਿੱਤ ਸਿੰਘ ਪ੍ਰੇਮੀ ਅਤੇ ਡਾ ਭਗਤ ਸਿੰਘ ਅਨੁਸਾਰ :- ਸਿੰਘ ਸਭਾ ਲਹਿਰ ਦੇ ਪਹਿਲੇ ਲੇਖਕਾਂ ਵਿਚ ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਮੋਹਨ ਸਿੰਘ ਵੈਦ, ਸ. ਚਰਨ ਸਿੰਘ ਸ਼ਹੀਦ, ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਸ਼ਾਮਲ ਹਨ। ਪਰ ਇਹ ਵੀ ਸੱਚ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਅਮ੍ਰਿਤਸਰ ਦੇ ਆਗੂ ਉੱਚ ਜਤੀਏ ਅਤੇ ਸਰਮਾਏਦਾਰ ਸਨ,ਜਿਸ ਕਰਕੇ ਗਰੀਬੜੇ ਸਿੱਖ ਇਸ ਸਭਾ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੋ ਨਿਰਾਸ ਹੋ ਗਏ ਅਤੇ ਇਸ ਨਿਰਾਸ਼ਤਾ ਵਿੱਚੋਂ ਹੀ ਸ੍ਰੀ ਗੁਰੂ ਸਿੰਘ ਸਭਾ ਲਹੌਰ ਦਾ ਜਨਮ ਹੋਇਆ।ਇਸ ਲਹੌਰ ਵਾਲੀ ਸਭਾਂ ਵਿੱਚ ਬਹੁ ਗਿਣਤੀ ਗਰੀਬੜੇ ਸਿੱਖਾਂ ਦੀ ਹੋਣ ਕਰਕੇ ਉਹ ਆਪਣੇ ਸਿਧਾਂਤਾਂ ਪ੍ਰਤੀ ਵੱਧ ਸਤੱਰਕ ਅਤੇ ਦ੍ਰਿੜ ਰਹੇ।ਪ੍ਰੋ ਗੁਰਮੁਖ ਸਿੰਘ,ਗਿਆਨੀ ਦਿੱਤ ਸਿੰਘ ਅਤੇ ਜਵਾਹਰ ਸਿੰਘ ਕਪੂਰ ਵਰਗੇ ਵਿਦਵਾਨ ਗਰੀਬੜੇ ਸਿੱਖਾਂ ਨੇ ਇਸ ਸਭਾ ਨੂੰ ਪਿੰਡ ਪਿੰਡ ਪਹੁੰਚਾਉਣ ਵਿੱਚ ਵੱਡਾ ਜੋਗਦਾਨ ਪਾਇਅ।ਇਹੋ ਕਾਰਨ ਸੀ ਕਿ ਦੋਵਾਂ ਸਭਾਵਾ ਵਿੱਚ ਅਕਸਰ ਹੀ ਸਿਧਾਂਤਕ ਮੱਤਭੇਦ ਰਹੇ ਹਨ,ਜਿਸ ਕਰਕੇ ਦੋਵਾਂ ਸਭਾਵਾਂ ਵਿੱਚ ਤਾਲਮੇਲ ਬਰਕਰਾਰ ਰੱਖਣ ਲਈ ਸਿੰਘ ਸਭਾ ਜਨਰਲ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ 1983 ਵਿੱਚ ਖਾਲਸਾ ਦੀ੍ਵਾਨ ਅਮ੍ਰਿਤਸਰ ਦਾ ਨਾਮ ਨਾਲ ਦੇ ਦਿੱਤਾ ਗਿਆ।ਸਿਧਾਂਤਕ ਮੱਤਭੇਦਾਂ ਦੀ ਬਦੌਲਤ ਹੀ ਪ੍ਰੋ ਗੁਰਮੁੱਖ ਸਿੰਘ ਹੋਰਾਂ ਨੂੰ ਖਾਲਸਾ ਦਿਵਾਨ ਲਹੌਰ ਦਾ ਗਠਨ ਕਰਨ ਲਈ ਮਜਬੂਰ ਹੋਣਾ ਪਿਆ ਸੀ।ਇਹ ਵੀ ਕੌੜਾ ਸੱਚ ਹੈ ਕਿ ਇਹ ਸਰਮਾਏਦਾਰ ਸਿੱਖਾਂ ਦੀ ਅਗਵਾਈ ਨੇ ਮੁੱਢੋ ਹੀ ਪੰਥ ਦਾ ਨੁਕਸਾਨ ਕੀਤਾ ਹੈ ਅਤੇ ਲਗਾਤਾਰ ਪੰਥ ਦੀ ਹੋ ਰਹੀ ਦੁਰਗਤੀ ਲਈ ਵੀ ਇਹ ਸਰਮਾਏਦਾਰੀ ਪਹੁੰਚ ਮੁੱਖ ਤੌਰ ਤੇ ਜੁੰਮੇਵਾਰ ਰਹੀ ਹੈ। ਸਿੱਖ ਵਿਦਵਾਨ ਗੁਰਮੁਖ ਸਿੰਘ ਅਨੁਸਾਰ :- ਸਿੰਘ ਸਭਾਵਾਂ ਦੇ ਪ੍ਰਚਾਰ ਦੇ ਫਲਸਰੂਪ ਪੰਜਾਬ ਵਿੱਚ ਸਿੱਖ ਅਬਾਦੀ 1868 ਵਿੱਚ ਸਾਢੇ ਗਿਆਰਾਂ ਲੱਖ ਤੋਂ ਵੀ ਘੱਟ ਸੀ, 1881 ਵਿੱਚ ਸਾਢੇ ਅਠਾਰਾਂ ਲੱਖ, 1891 ਵਿੱਚ ਉੱਨੀ ਲੱਖ ਅਤੇ 1901 ਵਿੱਚ ਬਾਈ ਲੱਖ ਦੇ ਕਰੀਬ ਹੋ ਗਈ। ਇਸ ਦੇ ਨਾਲ ਹੀ ਵਿੱਦਿਆ ਦਾ ਬੜਾ ਪ੍ਰਸਾਰ ਹੋਇਆ।ਇਸ ਸਮੇ ਤੱਕ ਦੋਵੇਂ ਸਭਾਵਾਂ ਦੇ ਪਰਮੁੱਖ ਆਗੂ ਅਕਾਲ ਚਲਾਣਾ ਕਰ ਚੁੱਕੇ ਸਨ,ਜਿਸ ਕਰਕੇ ਚੀਫ ਖਾਲਸਾ ਦੀਵਾਨ ਹੋਂਦ ਵਿੱਚ ਆਇਆ।1902 ਵਿੱਚ ਬਣੇ ਚੀਫ ਖਾਲਸਾ ਦੀਵਾਨ ਦੇ ਪਹਿਲੇ ਪ੍ਰਧਾਨ ਭਾਈ ਅਰਜਨ ਸਿੰਘ ਬਾਗੜੀਆਂ ਅਤੇ ਸਕੱਤਰ ਸ੍ਰ ਸੁੰਦਰ ਸਿੰਘ ਮਜੀਠੀਆ ਨੂੰ ਬਣਾਇਆ ਗਿਆ।ਬਿਨਾ ਸ਼ੱਕ ਚੀਫ ਖਾਲਸਾ ਦੀਵਾਨ ਦੇ ਮੋਹਰੀ ਵੀ ਸ੍ਰੀ ਸਿੰਘ ਸਭਾ ਅਮ੍ਰਿਤਸਰ ਅਤੇ ਖਾਲਸਾ ਦੀਵਾਨ ਅਮ੍ਰਿਤਸਰ ਵਾਂਗ ਵੱਡੇ ਸਰਮਾਏਦਾਰ,ਧਨਾਡ ਸਿੱਖ ਹੀ ਰਹੇ ਹਨ,ਜਿੰਨਾਂ ਦਾ ਮੌਜੂਦਾ ਸਮੇ ਵਿੱਚ ਵੀ ਚੀਫ ਖਾਲਸਾ ਦੀ੍ਵਾਨ ਸਮੇਤ ਸਮੁੱਚੀਆਂ ਪਰਮੁੱਖ ਸਿੱਖ ਸੰਸਥਾਵਾਂ ਅਤੇ ਸਮੁੱਚੇ ਗੁਰਦੁਆਰਾ ਪ੍ਰਬੰਧ ਤੇ ਮੁਕੰਮਲ ਕਬਜਾ ਹੈ। 1915 ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੀ ਚੜਤ ਲੱਗਭੱਗ ਖਤਮ ਹੋ ਗਈ,ਇਸ ਦੀ ਜਗਾਹ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਨੇ ਲੈ ਲਈ। ਇਹ ਵੀ ਇਤਫਾਕ ਹੈ ਜਾ ਕੁਦਰਤੀ ਵਰਤਾਰਾ ਕਿ ਸ੍ਰੀ ਗੁਰੂ ਸਿੰਘ ਸਭਾਵਾਂ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਤੇ ਹਿੰਦੂ,ਮੁਸਲਮ ਅਤੇ ਈਸਾਈ ਮਿਸ਼ਨਰੀਆਂ ਦੇ ਮਾਰੂ ਹਮਲਿਆਂ ਦੇ ਟਾਕਰੇ ਲਈ ਹੋਂਦ ਵਿੱਚ ਆਈਆਂ ਸਨ ਅਤੇ ਅੱਜ ਜਦੋ ਸਿੱਖ ਪੰਥ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੀ ਡੇਢ ਸੌ ਸਾਲਾ ਸਤਾਬਦੀ ਮਨਾਉਣ ਜਾ ਰਿਹਾ ਹੈ,ਤਾਂ ਐਨ ਉਸ ਮੌਕੇ ਵੀ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਨੂੰ ਖਤਮ ਕਰਨ ਦੇ ਕੋਝੇ ਯਤਨ ਹੋ ਰਹੇ ਹਨ।ਮੌਜੂਦਾ ਸਮੇ ਵਿੱਚ ਵੀ ਡੇਰਾਵਾਦ ਅਤੇ ਈਸਾਈ ਮਿਸ਼ਨਰੀ ਸਿੱਖੀ ਦੀ ਹੋਂਦ ਲਈ ਵੱਡੀ ਚਣੌਤੀ ਬਣ ਕੇ ਖੜੇ ਹਨ।
ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ
1969 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪੰਜ ਸੌ ਸਾਲਾ ਸਤਾਬਦੀ ਤੋ ਲੈ ਕੇ 1999 ਚ ਖਾਲਸਾ ਸਾਜਨਾ ਦਿਵਸ ਸਤਾਬਦੀ ਮਨਾਈ ਸੀ,ਉਸ ਤੋਂ ਬਾਅਦ ਸਤਾਬਦੀਆਂ ਮਨਾਉਣ ਦੀ ਕਬਾਇਦ ਸ਼ੁਰੂ ਹੋਈ। ਸਤਾਬਦੀਆਂ ਮਨਾਈਆਂ ਵੀ ਜਾਣੀਆਂ ਚਾਹੀਦੀਆਂ ਹਨ,ਕਿਉਂਕਿ ਇਹ ਕਹਾਵਤ ਵੀ ਹੈ ਕਿ ਜਿਹੜੀਆਂ ਕੌਂਮਾਂ ਆਪਣੇ  ਇਤਿਹਾਸ ਨੂੰ ਭੁੱਲ ਜਾਂਦੀਆਂ ਹਨ,ਉਹ ਇੱਕ ਨਾ ਇੱਕ ਦਿਨ ਦੁਨੀਆਂ ਦੇ ਨਕਸ਼ੇ ਵਿੱਚੋਂ ਵੀ  ਅਲੋਪ ਹੋ ਜਾਂਦੀਆਂ ਹਨ।ਸੋ ਕੌਂਮ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਦੁਨੀਆਂ ਤੱਕ ਲੈ ਕੇ ਜਾਣ ਵਿੱਚ ਇਹ ਸਤਾਬਦੀਆਂ ਵੀ ਕੌਂਮੀ ਪਰਚਾਰ ਦਾ ਇੱਕ ਵਧੀਆ ਜਰੀਆ ਬਣਦੀਆਂ ਹਨ। ਇਤਿਹਾਸਿਕ ਦਿਹਾੜੇ ਹੋਣ ਜਾਂ ਸਤਬਦੀ ਸਮਾਗਮ ਹੋਣ, ਇਹਨਾਂ ਨੂੰ ਅਜਿਹੇ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ,ਤਾਂ ਕਿ ਹਰ ਸਤਾਬਦੀ ਕੋਈ ਟੀਚਾ ਸਰ ਕਰਨ ਦਾ ਮਾਣ ਆਪਣੇ ਨਾਮ ਕਰਕੇ ਜਾਵੇ,ਪਰ ਅਫਸੋਸ ਕਿ ਇਸ ਤੋ ਪਹਿਲਾਂ ਅਜਿਹਾ ਨਹੀ ਹੋ ਸਕਿਆ। ਪੰਥਕ ਰਹੁ ਰੀਤਾਂ ਤੋ  ਪਾਸੇ ਹੱਟ ਕੇ ਮਨਾਈਆਂ ਗਈਆਂ ਸਤਾਬਦੀਆਂ ਅਤੇ ਦਿਹਾੜੇ ਮਹਿਜ ਮੇਲਿਆਂ ਤੋ ਵੱਧ ਪੰਥ ਨੂੰ ਕੁੱਝ ਵੀ ਨਹੀ ਦੇ ਸਕੇ।ਅਜਿਹਾ ਅਸੀ ਲੰਮੇ ਸਮੇ ਤੋ ਦੇਖਦੇ ਅਤੇ ਅਮਲੀ ਰੂਪ ਚ  ਕਰਦੇ ਵੀ ਆ ਰਹੇ ਹਾਂ।ਭਾਂਵੇ ਉਹ ਸਿਹਤ ਸਬੰਧੀ ਨੀਤੀਆਂ ਬਨਾਉਣ ਦੀ ਗੱਲ ਹੋਵੇ,ਭਾਂਵੇਂ ਸਿੱਖਿਆ ਸਬੰਧੀ ਨੀਤੀਆਂ ਬਨਾਉਣ ਦੀ ਗੱਲ ਹੋਵੇ ਜਾਂ ਧਰਮ ਦੇ ਪ੍ਰਚਾਰ ਪਸਾਰ ਨੂੰ ਤੇਜ ਕਰਨ ਸਬੰਧੀ ਫੈਸਲੇ ਲੈਣ ਦੀ ਗੱਲ ਹੋਵੇ,ਇਹਨਾਂ ਸਤਾਬਦੀਆਂ ਤੋ ਜਰੂਰ ਕੁੱਝ ਨਾ ਕੁੱਝ ਕੌਂਮ ਦੀ ਝੋਲ਼ੀ ਪੈਣਾ ਚਾਹੀਦਾ ਸੀ,ਪਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੰਮੇ ਸਮੇ ਤੋ ਕਾਬਜ ਢਨਾਡ ਲੋਕਾਂ ਨੇ ਅਜਿਹਾ ਕੁੱਝ ਵੀ ਨਹੀ ਕੀਤਾ,ਜਿਸ ਨਾਲ ਕੌਂਮ ਦਾ ਦੁਨੀਆਂ ਪੱਧਰ ਤੇ ਕੋਈ ਚੰਗਾ ਸੁਨੇਹਾ ਜਾਂਦਾ, ਸਿੱਖ ਕੌਂਮ ਦੀਆਂ ਜੜਾਂ ਮਜਬੂਤ ਹੁੰਦੀਆਂ,ਬਲਕਿ ਕੌਂਮ ਲਗਾਤਾਰ ਨਿਘਾਰ ਵੱਲ ਨੂੰ ਜਾਂਦੀ ਪਰਤੀਤ ਹੋ ਰਹੀ ਹੈ।1969 ਵਿੱਚ ਸਿੱਖ ਕੌਂਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਪੰਜ ਸੌ ਸਾਲਾ  ਸਤਾਬਦੀ ਸਮੇਤ ਹੁਣ ਤੱਕ ਜਿੰਨੀਆਂ ਵੀ ਸਤਾਬਦੀਆਂ ਮਨਾਈਆਂ ਗਈਆਂ,ਹਨ,ਉਹਨਾਂ ਤੇ ਕਰੋੜਾਂ ਰੁਪਏ ਪ੍ਰਤੀ ਸਤਾਬਦੀ ਜਰੂਰ ਖਰਚ ਕੀਤੇ ਗਏ ਹਨ ਤੇ ਹੁਣ ਵੀ ਖਰਚ ਕੀਤੇ ਜਾ ਰਹੇ ਹਨ,ਪਰ ਸਚਾਈ ਇਹ ਹੈ ਕਿ ਹੁਣ ਤੱਕ ਮਨਾਈਆਂ ਗਈਆਂ ਸਤਾਬਦੀਆਂ ਦੀ ਗੁਰੂ ਕੀ ਗੋਲਕ ਦੇ ਪੈਸੇ ਦੀ ਬਰਬਾਦੀ ਤੋ ਬਗੈਰ ਹੋਰ ਕੋਈ ਵੀ ਪਰਾਪਤੀ ਨਹੀ।ਅੱਜ ਤੱਕ ਸਿੱਖ ਗੁਰੂ ਸਹਿਬਾਨਾਂ ਅਤੇ ਸਿੱਖ ਇਤਿਹਾਸਿਕ ਦਿਹਾੜਿਆਂ ਅਤੇ ਸਤਾਬਦੀਆਂ ਨੂੰ ਸਿੱਖ ਨੁਮਾਇੰਦਾ ਜਮਾਤ ਨੇ ਅਪਣੇ ਸਿਆਸੀ ਲਾਹੇ ਲਈ ਹੀ ਵਰਤਿਆ ਹੈ। ਕਰੋੜਾਂ ਰੁਪਏ ਖਰਚ ਕਰਕੇ ਵੱਡੀਆਂ ਵੱਡੀਆਂ ਸਟੇਜਾਂ,ਵੱਡੇ ਵੱਡੇ ਪੰਡਾਲ ਤਿਆਰ ਕੀਤੇ ਜਾਂਦੇ ਹਨ, ਤਾਂ ਕਿ ਕੇਂਦਰ ਤੋ ਆਉਣ ਵਾਲੇ ਮਹਿਮਾਨਾਂ ਦੀ ਖੁਸ਼ੀ ਹਾਸਲ ਕੀਤੀ ਜਾ ਸਕੇ।ਕੋਈ ਸਤਾਬਦੀ ਅਜਿਹੀ ਨਹੀ ਜਦੋ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਗੁਰੂ ਦੀ ਗੋਲਕ ਦੀ ਦੁਰਵਰਤੋ,ਸਿੱਖੀ ਸਿਧਾਤਾਂ ਦੀ ਅਣਦੇਖੀ ਕਰਕੇ ਵਿਪਰਵਾਦ ਦੀ ਤੱਕੜੀ ਚ ਤੁਲਣ ਅਤੇ ਸਿੱਖੀ ਦੇ ਸਹੀ ਪਰਚਾਰ ਪਾਸਾਰ ਤੋ ਪਾਸਾ ਵੱਟਣ ਦੇ ਦੋਸ਼ ਨਾ ਲੱਗੇ ਹੋਣ।ਸਤਾਬਦੀਆਂ ਤੋ ਹੱਟ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਸੁਚੱਜੇ ਢੰਗ ਨਲਾ ਚਲਾਉਣ ਅਤੇ ਸਿੱਖੀ ਸਿਧਾਤਾਂ ਦੀ ਰਾਖੀ ਲਈ ਹੋਂਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਹੀ ਸਿੱਖੀ ਸਿਧਾਤਾਂ ਦਾ ਘਾਣ ਕਰਨ ਲਈ ਜੁੰਮੇਵਾਰ ਬਣਦੀ ਆ ਰਹੀ ਹੈ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਕੋਈ ਵੀ ਵਿਧੀ ਵਿਧਾਨ ਨਾ ਹੋਣ ਕਰਕੇ ਜਿਸ ਤਰਾਂ ਜਥੇਦਾਰ ਨੂੰ ਅਪਣੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਵਰਤਿਆ ਜਾ ਰਿਹਾ ਹੈ,ਉਸ ਰੁਝਾਨ ਨੇ ਜਿੱਥੇ ਜਥੇਦਾਰ ਦੇ ਸਵੈਮਾਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਢਾਹ ਲਾਈ ਹੈ,ਓਥੇ ਸਿੱਖ ਕੌਂਮ ਨੂੰ ਧੜੇਵੰਦੀਆਂ ਵਿੱਚ ਵੰਡ ਕੇ ਬੇਹੱਦ ਕਮਜੋਰ ਵੀ ਕੀਤਾ ਹੈ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਜਾਂ ਤਾਂ ਸਿੱਖੀ ਸਿਧਾਤਾਂ ਦੀ ਕੋਈ ਗੱਲ ਹੀ ਨਹੀ ਹੋ ਰਹੀ,ਜੇਕਰ ਹੁੰਦੀ ਵੀ ਹੈ ਤਾਂ ਸਿੱਖੀ ਦੀ ਵਿਸ਼ਾਲਤਾ ਨੂੰ ਸੰਕੀਰਨਤਾ ਚ ਪਰੋ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਚਾਰਕਾਂ ਦਾ ਆਪੋ ਵਿੱਚ ਪਿਆ ਕਾਟੋ ਕਲੇਸ਼ ਨਿੱਤ ਨਵੀਂ ਦੁਬਿਧਾ ਪਾਉਣ ਤੇ ਸਿਵਾਏ ਕੋਈ ਚੰਗੇ ਨਤੀਜੇ ਨਹੀ ਦੇ ਰਿਹਾ। ਸੰਪਰਦਾਇਕ ਡੇਰੇ ਸ੍ਰੀ ਅਕਾਲ ਤਖਤ ਸਾਹਿਬ ਲਈ ਚਣੌਤੀ ਬਣੇ ਖੜੇ ਹਨ,ਜਿੰਨਾਂ ਨੂੰ ਸਿਆਸੀ ਲਾਹਾ ਲੈਣ ਦੇ ਲਾਲਚ ਵਿੱਚ ਵੱਖ ਵੱਖ ਪਾਰਟੀਆਂ ਸਹਿਯੋਗ ਕਰ ਰਹੀਆਂ ਹਨ।ਕੋਈ ਕਿਸੇ ਡੇਰੇਦਾਰ ਨਾਲ ਖੜਾ ਹੈ,ਕੋਈ ਟਕਸਾਲ ਨੂੰ ਅਪਣੀ ਨਿੱਜੀ ਜਾਇਦਾਦ ਬਣਾਈ ਬੈਠਾ ਹੈ ਅਤੇ ਸਭ ਤੋ ਵੱਡੀ ਗੱਲ ਕਿ ਸਿਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਲੋਕ ਲੰਮੇ ਸਮੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਪਣੇ ਨਿੱਜੀ ਸਿਆਸੀ ਮੁਫਾਦ ਲਈ ਅਪਣੀ ਮਲਕੀਅਤ ਸਮਝ ਕੇ ਵਰਤਦੇ ਆ ਰਹੇ ਹਨ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਸਿੰਘ ਸਭਾ ਲਹਿਰ ਦੀ ਡੇਢ ਸੌ ਸਾਲਾ ਸਤਾਬਦੀ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ।ਸੋ ਸਿੱਖ ਪੰਥ ਨੂੰ ਦਰਪੇਸ ਸਮੱਸਿਆਵਾਂ ਦੇ ਮੱਦੇਨਜਰ ਇਹ ਯਕੀਨੀ ਬਨਾਉਣ ਦੀ ਵੱਡੀ ਲੋੜ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ ਮੌਕੇ ਕੌਂਮ ਅੰਦਰ ਨਵੀ ਚੇਤਨਾ ਪੈਦਾ ਕਰਨ ਵਾਲੇ ਉਸਾਰੂ ਪਰੋਗਰਾਮ ਉਲੀਕੇ ਜਾਣ,ਸਿੱਖ ਸੰਸਥਾਵਾਂ ਨੂੰ ਧਨਾਡ ਸਿੱਖਾਂ ਦੇ ਕਬਜਿਆਂ ਤੋ ਮੁਕਤ ਕਰਵਾਉਣ ਲਈ ਨਵੀ ਪੰਥਕ ਲਹਿਰ ਖੜੀ ਕੀਤੀ ਜਾਵੇ,ਤਾਂ ਕਿ ਭਵਿੱਖ ਵਿੱਚ ਸਹੀ ਅਰਥਾਂ ਵਿੱਚ ਸਿੱਖ ਸਿਧਾਂਤਾਂ ਦੀ ਰਾਖੀ ਕੀਤੀ ਜਾ ਸਕੇ।ਸਿੱਖੀ ਤੇ ਮਾਰੂ ਭਵਿੱਖੀ ਹਮਲਿਆਂ ਦੇ ਪਰਿਪੇਖ ਵਿੱਚ ਸਿੱਖ ਕੌਂਮ ਦੀ ਨਿਆਰੀ ਨਿਰਾਲੀ ਹੋਂਦ ਨੂੰ ਕਾਇਮ ਰੱਖਣ ਅਤੇ ਸਿੱਖੀ ਜੁਆਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਂਦੇ ਹੋਏ ਸਿੱਖੀ ਦੇ ਗਾਡੀ ਰਾਹ ਤੋਰਨ ਲਈ ਅਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਰਗੇ ਕੌਂਮੀ ਕਾਰਜ ਅਰੰਭ ਕਰਨੇ ਚਾਹੀਦੇ ਹਨ,ਸੋ ਇਸਤਰਾਂ ਦੇ ਕਾਰਜ ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ ਨੂੰ ਸਾਰਥਿਕ ਬਨਾਉਣ ਵਿੱਚ ਸਹਾਈ ਹੋਣਗੇ।
ਬਘੇਲ ਸਿੰਘ ਧਾਲੀਵਾਲ
99142-58142
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024