ਮੁਕੇਰੀਆਂ-ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਜੋ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਹੋਈ ਜਿਸ ਬਾਰੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਵਲ ਪ੍ਰੈਸ ਨੋਟ ਜਾਰੀ ਕਰਕੇ ਅਖੌਤੀ ਦਾਅਵੇ ਕੀਤੇ ਹਨ ਪਰ ਅਸਲ ਵਿੱਚ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਕੋਲ ਕੋਈ ਮੁੱਦਾ ਨਹੀਂ ਚੁੱਕਿਆ। ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਗ੍ਰਹਿ ਮੰਤਰੀ ਕੋਲ ਭਾਰਤ ਸਰਕਾਰ ਵਲੋਂ ਕੈਨੇਡਾ ਦੇ ਵੀਜ਼ਿਆਂ ’ਤੇ ਲਗਾਈ ਰੋਕ ਦਾ ਮੁੱਦਾ ਚੁੱਕਦੇ ਕਿਉਂਕਿ ਪਰਵਾਸੀਆਂ ਦੀ ਪੰਜਾਬ ਆਮਦ ਨਾਲ ਵੱਡੀ ਆਰਥਿਕਤਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਗੁਜਰਾਤ ਅਤੇ ਮਹਾਰਾਸ਼ਟਰ ਵਲੋਂ ਸਮੁੰਦਰੀ ਰਸਤੇ ਪਾਕਿਸਤਾਨ ਨਾਲ ਵਪਾਰ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਦੇ ਵਾਹਗਾ ਸਰਹੱਦ ਰਾਹੀਂ ਭਾਰਤ ਸਰਕਾਰ ਵਲੋਂ ਰੋਕ ਕਿਉਂ ਲਗਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਸਮਤੀ ਦੇ ਬਰਾਮਦ ਦੀ ਗੱਲ ਗ੍ਰਹਿ ਮੰਤਰੀ ਕੋਲ ਰੱਖਣੀ ਚਾਹੀਦੀ ਸੀ। ਉਹ ਅੱਜ ਇੱਥੇ ਯੂਥ ਵਰਕਰ ਮਿਲਣੀ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਕਰਵਾਈ ਰੈਲੀ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰ ਰਹੇ ਸਨ। ਸ੍ਰੀ ਮਜੀਠੀਆ ਨੇ ਕਿਹਾ ਕਿ ਕੈਨੇਡਾ ਤੇ ਭਾਰਤ ਸਰਕਾਰ ਦੋਵੇਂ ਨਿੱਝਰ ਮਾਮਲੇ ’ਤੇ ਰਾਜਨੀਤੀ ਕਰ ਰਹੀਆ ਹਨ ਕਿਉਂਕਿ ਦੋਵੇਂ ਦੇਸ਼ਾਂ ’ਚ ਅਗਲੇ ਵਰ੍ਹੇ ਚੋਣਾਂ ਹਨ। ਸਥਿਤੀ ਸਪੱਸ਼ਟ ਕਰਨ ਲਈ ਨਾ ਤਾਂ ਕੈਨੇਡਾ ਹੀ ਭਾਰਤ ਖਿਲਾਫ਼ ਕੋਈ ਸਬੂਤ ਸਪੱਸ਼ਟ ਕਰ ਰਿਹਾ ਹੈ ਅਤੇ ਨਾ ਹੀ ਭਾਰਤ ਸਰਕਾਰ ਇਸ ਬਾਰੇ ਕੋਈ ਠੋਸ ਕਾਰਵਾਈ ਕਰ ਰਹੀ ਹੈ। ਇਸੇ ਤਰਜ਼ ’ਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਆਪਣੇ ਸਿਆਸੀ ਹਿੱਤਾਂ ਲਈ ਹਰਿਆਣਾ ਤੇ ਰਾਜਸਥਾਨ ਦੇ ਵਸਨੀਕਾਂ ਨੂੰ ਪੰਜਾਬ ਅੰਦਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਆਮ ਆਦਮੀ ਪਾਰਟੀ ਦੀ ਅੱਖ ਵੀ ਇਨ੍ਹਾਂ ਸੂਬਿਆਂ ਅੰਦਰ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ’ਤੇ ਟਿਕੀ ਹੋਈ ਹੈ।