ਸ਼ੇਰਪੁਰ-ਪਿੰਡ ਘਨੌਰੀ ਕਲਾਂ ਵਿੱਚ 20 ਲੱਖ ਦੀ ਲਾਗਤ ਨਾਲ ਤਿਆਰ ਲਾਇਬਰੇਰੀ ਤੋਂ ਜ਼ਿਲ੍ਹੇ ਅੰਦਰਲੀਆਂ ਇੱਕੋ ਤਰਜ਼ ’ਤੇ ਬਣੀਆਂ 12 ਹੋਰ ਲਾਇਬਰੇਰੀਆਂ ਦਾ ਵਰਚੁਅਲ ਉਦਘਾਟਨ ਕਰਨ ਮਗਰੋਂ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਰੱਗ ਕੇਸਾਂ ’ਚ ਨਾਂ ਆਉਣ ਦੇ ਬਾਵਜੂਦ ਬਚਦੇ ਆ ਰਹੇ ਵਿਅਕਤੀਆਂ ਅਤੇ ਖ਼ਜ਼ਾਨਾ ਲੁੱਟ ਕੇ ਆਪਣੇ ਘਰ ਭਰਨ ਵਾਲਿਆਂ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿਭਾਗਾਂ ਨੂੰ ਹੋਰ ਚੁਸਤ-ਦਰੁਸਤ ਦੇ ਬਿਹਤਰ ਬਣਾਉਣ ਲਈ ਰੈਵੇਨਿਊ, ਐਗਰੀਕਲਚਰ, ਹੈਲਥ, ਪੁਲੀਸ, ਜੀਐੱਸਟੀ ਅਤੇ ਜ਼ਮੀਨਾਂ ਦੀ ਪੈਮਾਇਸ਼ ਲਈ ਆਰਟੀਫੀਸ਼ੀਅਲ ਇੰਟੈਲੀਜੈਂਸੀ ਲਾਗੂ ਕਰੇਗੀ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਸਿੰਘ ਜੋਰਵਾਲ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਸ਼ੁਰੂ ਹੋਏ ‘ਪਹਿਲ’ ਪ੍ਰਾਜੈਕਟ ਨੂੰ ਪੰਜਾਬ ਵਿੱਚ ਲਾਗੂ ਕਰਨ ਦਾ ਖੁਲਾਸਾ ਕਰਦਿਆਂ ਦੱਸਿਆ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਚ ਕੱਪੜਿਆਂ ਦੀ ਸਿਲਾਈ ਦਾ ਰੁਜ਼ਗਾਰ ਪ੍ਰਾਪਤ ਕਰਨ ਵਾਲੀਆਂ ਹੁਨਰਮੰਦ ਔਰਤਾਂ ਤੋਂ ਸਕੂਲੀ ਬੱਚਿਆਂ ਦੀ ਵਰਦੀਆਂ ਤੋਂ ਇਲਾਵਾ ਪੁਲੀਸ ਤੇ ਟਰੈਫ਼ਿਕ ਪੁਲੀਸ ਦੀਆਂ ਵਰਦੀਆਂ ਵੀ ਖਰੀਦਣ ਦੀ ਤਜਵੀਜ਼ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪਿੰਡ ਘਨੌਰੀ ਕਲਾਂ ਦੇ ਸੀਵਰੇਜ ਲਈ 19 ਕਰੋੜ ਦਾ ਬਜਟ ਪਾਸ ਹੋਣ ਅਤੇ ਬਾਬਾ ਯੋਗੀਪੀਰ ਦੇ ਜੰਗਲ ਲਈ ਰਾਸ਼ੀ ਪਾਸ ਹੋਣ ਦਾ ਖੁਲਾਸਾ ਕੀਤਾ।