ਦੁਨੀਆ ਦੇ ਮਹਾਨ ਫ਼ਿਲਾਸਫਰ ਚਾਰਲਸ ਡਿਕਨਜ਼ ਨੂੰ ਉਸਦੇ ਇੱਕ ਦੋਸਤ ਨੇ ਉਸ ਨੂੰ ਇਹ ਪੁੱਛਿਆ ਕਿ ਮੈਂ ਤੈਨੂੰ ਆਪਣਾ ਜਿਗਰੀ ਦੋਸਤ ਸਮਝਕੇ ਬਹੁਤ ਵੇਰ ਇਹ ਸਵਾਲ ਕੀਤਾ ਕਿ ਮੈਨੂੰ ਇੱਕ ਵੱਡਾ ਵਪਾਰੀ ਬਣਨ ’ਚ ਵਾਰ ਵਾਰ ਯਤਨ ਕਰਨ ’ਤੇ ਵੀ ਸਫਲਤਾ ਪ੍ਰਾਪਤ ਕਿਉ ਨਹੀਂ ਹੋ ਰਹੀ? ਮੇਰੇ ਯਤਨਾਂ ਵਿੱਚ ਕੀ ਘਾਟ ਹੈ? ਤੂੰ ਮੇਰੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਜਾਂ ਤਾਂ ਚੁੱਪ ਹੋ ਜਾਂਦਾ ਹੈ ਜਾਂ ਫੇਰ ਗੱਲ ਪਲਟ ਦਿੰਦਾ ਹੈ। ਡਿਕਨਜ਼ ਨੇ ਆਪਣੇ ਉਸ ਦੋਸਤ ਨੂੰ ਅੱਗੋਂ ਜਵਾਬ ਦਿੱਤਾ, ‘ਦੋਸਤ, ਤੈਨੂੰ ਮੇਰੇ ਜਵਾਬ ਨਾ ਦੇਣ ਦਾ ਕਾਰਨ ਇਹ ਹੈ ਕਿ ਜ਼ਿਆਦਤਰ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ। ਮੈਂ ਸੱਚ ਬੋਲ ਕੇ ਤੈਨੂੰ ਨਰਾਜ਼ ਨਹੀਂ ਕਰਨਾ ਚਾਹੁੰਦਾ ਸਾਂ ਪਰ ਹੁਣ ਜੇ ਤੂੰ ਆਪਣੀ ਅਸਫਲਤਾ ਦਾ ਕਾਰਨ ਪੁੱਛਣਾ ਹੀ ਚਾਹੁੰਦਾ ਹੈ ਤਾਂ ਅਸਲੀ ਕਾਰਨ ਇਹ ਹੈ ਕਿ ਤੇਰੇ ਯਤਨਾਂ ਦਾ ਕੱਦ ਤੇਰੀ ਸੋਚ ਤੇ ਸੁਪਨਿਆਂ ਨਾਲੋਂ ਛੋਟਾ ਹੈ। ਡਿਕਨਜ਼ ਦੇ ਦੋਸਤ ਨੇ ਉਸ ਨੂੰ ਮੁੜ ਸਵਾਲ ਕੀਤਾ, ਮਿੱਤਰ, ਆਪਣੀ ਸਫਲਤਾ ਲਈ ਮੈਂ ਸੱਚ ਸੁਣਨ ਨੂੰ ਤਿਆਰ ਹਾਂ, ਮੈਨੂੰ ਜ਼ਰਾ ਵਿਸਥਾਰ ਨਾਲ ਦੱਸ। ਡਿਕਨਜ਼ ਬੋਲਿਆ, ਦੋਸਤ, ਤੂੰ ਵੱਡਾ ਵਪਾਰੀ ਬਣਨ ਦੀ ਸੋਚ ਤਾਂ ਰੱਖਦਾ ਹੈ, ਸੁਪਨੇ ਵੀ ਲੈਂਦਾ ਹੈ ਪਰ ਵੱਡਾ ਵਪਾਰੀ ਬਣਨ ਲਈ ਆਪਣਾ ਸੁੱਖ ਚੈਨ ਖੋਹਣਾ ਪੈਂਦਾ ਹੈ।
ਉਸ ਲਈ ਆਪਣੇ ’ਚ ਇੱਕ ਜਨੂੰਨ ਪੈਦਾ ਕਰਨਾ ਪੈਂਦਾ ਹੈ। ਜ਼ਮੀਨੀ ਹਕੀਕਤਾਂ ਨਾਲ ਲੜਨਾ ਪੈਂਦਾ ਹੈ। ਤੂੰ ਆਪਣਾ ਆਤਮ ਮੰਥਨ ਕਰਕੇ ਵੇਖ ਕਿ ਤੇਰੇ ਵਿੱਚ ਇਹ ਸਾਰਾ ਕੁੱਝ ਹੈ? ਜਿਸ ਦਿਨ ਤੂੰ ਆਪਣੇ ’ਚ ਇਹ ਗੁਣ ਪੈਂਦਾ ਕਰ ਲਵੇਂਗਾ,ਉਸ ਦਿਨ ਤੈਨੂੰ ਕਿਸੇ ਨੂੰ ਵੀ ਇਹ ਸਵਾਲ ਕਰਨਾ ਨਹੀਂ ਪਵੇਗਾ। ਇਸ ਦੁਨੀਆ ’ਚ ਅੱਜ ਤੱਕ ਕੋਈ ਅਜਿਹਾ ਵਿਅਕਤੀ ਪੈਦਾ ਨਹੀਂ ਹੋਇਆ ਜਿਸ ਨੇ ਵੱਡਾ ਬਣਨ, ਮਹਾਨ ਹੋਣ, ਦੂਜਿਆਂ ਨਾਲੋਂ ਕੁੱਝ ਅੱਡ ਕਰਨ ਤੇ ਉੱਚੀ ਮੰਜ਼ਿਲ ਪ੍ਰਾਪਤ ਕਰਨ ਬਾਰੇ ਨਾ ਸੋਚਿਆ ਹੋਵੇ ਤੇ ਸੁਪਨੇ ਨਹੀਂ ਲਏ ਹੋਣਗੇ।
ਜੇਕਰ ਇਸ ਦੁਨੀਆ ’ਚ ਸੋਚਣ ਤੇ ਸੁਪਨੇ ਲੈਣ ਨਾਲ ਸਫਲਤਾ ਪ੍ਰਾਪਤ ਹੋ ਜਾਂਦੀ ਤਾਂ ਹਰ ਕੋਈ ਆਪਣੇ ਉਦੇਸ਼ ਤੇ ਮੰਜ਼ਿਲ ਦੀ ਪ੍ਰਾਪਤੀ ਕਰ ਲੈਂਦਾ ਤੇ ਮਿਹਨਤ, ਸੰਘਰਸ਼ ਅਤੇ ਭਰਪੂਰ ਯਤਨ ਕਰਨ ਦੇ ਜਜ਼ਬੇ ਦਾ ਕੋਈ ਮਹੱਤਵ ਵੀ ਨਾ ਰਹਿ ਜਾਂਦਾ।
ਨਿਕੰਮੇ, ਕੰਮਚੋਰ ਆਲਸੀ ਲੋਕਾਂ ਅਤੇ ਮਿਹਨਤੀ, ਕਰਮਯੋਗੀ ਤੇ ਸੰਘਰਸ਼ਸ਼ੀਲ ਲੋਕਾਂ ’ਚ ਕੋਈ ਫ਼ਰਕ ਨਾ ਰਹਿ ਜਾਂਦਾ। ਲੋਕ ਮਿਹਨਤ ਅਤੇ ਸੰਘਰਸ਼ ਕਰਨਾ ਛੱਡ ਹੀ ਦਿੰਦੇ। ਕੇਵਲ ਸੋਚ ਅਤੇ ਸੁਪਨਿਆਂ ਦੇ ਸਹਾਰੇ ਸਫਲਤਾ ਹਾਸਲ ਕਰਨ ਵਾਲੇ ਲੋਕ ਜਦੋਂ ਆਪਣੇ ਉਦੇਸ਼ ’ਚ ਸਫਲ ਨਹੀਂ ਹੁੰਦੇ ਤਾਂ ਉਹ ਖ਼ੁਦ ’ਚ ਨੁਕਸ ਕੱਢਣ ਦੀ ਬਜਾਏ ਆਪਣੀ ਕਿਸਮਤ ਨੂੰ ਦੋਸ਼ ਦੇਣ ਲੱਗ ਪੈਂਦੇ ਹਨ। ਆਪਣੇ ਹੱਥ ਵਿਖਾਉਣ ਲੱਗ ਪੈਂਦੇ ਹਨ। ਜਿਹੜੇ ਅਧਿਆਪਕ ਵਧੀਆ ਨਤੀਜੇ ਲਿਆਉਣ ਲਈ ਜਮਾਤਾਂ ਵਿੱਚ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਉਣ ਦੀ ਬਜਾਏ ਕੇਵਲ ਸੋਚਦੇ ਤੇ ਸੁਪਨੇ ਹੀ ਲੈਂਦੇ ਹਨ, ਉਹ ਆਪਣੇ ਉਦੇਸ਼ ਵਿੱਚ ਕਦੇ ਸਫਲ ਨਹੀਂ ਹੁੰਦੇ।
ਸਾਊਥ ਅਫਰੀਕਾ ਦੇ ਰਾਸ਼ਟਰਪਤੀ ਨੈਲਸਨ ਮੰਡੇਲਾ ਦਾ ਕਹਿਣਾ ਸੀ ਕਿ ਸੋਚ ਅਤੇ ਸੁਪਨੇ ਮਹਾਨ ਪ੍ਰਾਪਤੀਆਂ ਦੀ ਨੀਂਹ ਤੇ ਪਹਿਲਾ ਪੜਾਅ ਹੁੰਦੇ ਹਨ ਪਰ ਜੇਕਰ ਤੁਸੀਂ ਉਸ ਨੀਂਹ ਉੱਤੇ ਮਿਹਨਤ ਅਤੇ ਸੰਘਰਸ਼ ਦੀਆਂ ਕੰਧਾਂ ਨਹੀਂ ਚੁੱਕਦੇ ਤੇ ਅਗਲੇ ਪੜਾਅ ਵੱਲ ਨਹੀਂ ਵੱਧਦੇ ਤਾਂ ਮਹਾਨ ਪ੍ਰਾਪਤੀਆਂ ਤੁਹਾਡੇ ਕੋਲੋਂ ਦੂਰ ਹੀ ਰਹਿੰਦੀਆਂ ਹਨ। ਵੱਡੀਆਂ ਜਿੱਤਾਂ ਅਤੇ ਮੰਜ਼ਿਲਾਂ ਹਾਸਲ ਕਰਨ ਵਾਲੇ ਲੋਕ ਪਹਿਲਾਂ ਦਿਨ ਰਾਤ ਇੱਕ ਕਰਦੇ ਹਨ,ਆਪਣੇ ਸੁੱਖ ਤੇ ਆਰਾਮ ਦੀ ਪ੍ਰਵਾਹ ਨਹੀਂ ਕਰਦੇ ਪਰ ਬਾਅਦ ਵਿੱਚ ਉਹੀ ਲੋਕ ਇਤਿਹਾਸ ਦੇ ਨਾਇਕ ਬਣ ਜਾਂਦੇ ਹਨ। ਸੋਚ ਤੇ ਸੁਪਨਿਆਂ ਦੇ ਨਾਲ ਨਾਲ ਆਤਮ ਵਿਸ਼ਵਾਸ ਤੇ ਦਿ੍ਰੜ ਅਕੀਦਾ ਹੋਣਾ ਵੀ ਲਾਜ਼ਮੀ ਹੁੰਦਾ ਹੈ ਕਿਉਕਿ ਇਹ ਕਦੇ ਨਹੀਂ ਹੋ ਸਕਦਾ ਕਿ ਮੰਜ਼ਿਲ, ਉਦੇਸ਼ ਵੱਲ ਵਧਦਿਆਂ ਰਾਹ ’ਚ ਔਕੜਾਂ, ਚੁਣੌਤੀਆਂ ਨਾ ਆਉਣ। ਉਹ ਔਕੜਾਂ ਤੇ ਚੁਣੌਤੀਆਂ ਹੀ ਤਾਂ ਮਨੁੱਖ ਦੀ ਸੋਚ ਅਤੇ ਸੁਪਨਿਆਂ ਨੂੰ ਪਰਖਦੀਆਂ ਹਨ। ਜਿਨ੍ਹਾਂ ਲੋਕਾਂ ਦੇ ਹੌਂਸਲੇ ਉਨ੍ਹਾਂ ਔਕੜਾਂ ਅੱਗੇ ਢਹਿ ਢੇਰੀ ਹੋ ਜਾਂਦੇ ਹਨ ਉਨ੍ਹਾਂ ਦੀ ਸੋਚ ਤੇ ਸੁਪਨੇ ਵੀ ਬੇਅਰਥ ਹੀ ਜਾਂਦੇ ਹਨ। ਜੇਕਰ ਸੋਚ ਅਤੇ ਸੁਪਨੇ ਵੱਡੇ ਹੋਣਗੇ ਤਾਂ ਹੀ ਸਫਲਤਾ ਲਈ ਪੈੜਾਂ ਪੈਣਗੀਆਂ। ਇਹ ਕੰਮ ਤਾਂ ਔਖਾ ਹੀ ਬਹੁਤ ਹੈ, ਇਸ ਵਿੱਚ ਸਫਲਤਾ ਮਿਲਣੀ ਬਹੁਤ ਔਖੀ ਹੈ।
ਇਸ ਕੰਮ ਵਿੱਚ ਪਹਿਲਾਂ ਹੀ ਬਹੁਤ ਲੋਕ ਅਸਫਲ ਹੋ ਚੁੱਕੇ ਹਨ, ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਹੀ ਇਹੋ ਜਿਹੀਆਂ ਗੱਲਾਂ ਕਰਨੀਆਂ ਮਨੁੱਖ ਦੀ ਸੋਚ ਤੇ ਸੁਪਨਿਆਂ ਨੂੰ ਗ਼ਰੀਬ ਬਣਾ ਦਿੰਦੀਆਂ ਹਨ। ਦੂਜਿਆਂ ਲਈ ਆਦਰਸ਼, ਉਦਾਹਰਣ ਤੇ ਪ੍ਰੇਰਣਾ ਬਣਨ ਲਈ ਸਦਾ ਹੀ ਕੁੱਝ ਅਜਿਹਾ ਕਰੋ ਜੋ ਕਿਸੇ ਨੇ ਨਾ ਕੀਤਾ ਹੋਵੇ। ਇਤਿਹਾਸ ਵਿਰਲੇ ਲੋਕ ਲਿਖਦੇ ਹੁੰਦੇ ਨੇ ਤੇ ਪੜ੍ਹਦਾ ਹਰ ਕੋਈ ਹੈ, ਇਸ ਗੱਲ ਦਾ ਫ਼ੈਸਲਾ ਮਨੁੱਖ ਨੇ ਕਰਨਾ ਹੁੰਦਾ ਹੈ ਕਿ ਉਸ ਨੇ ਇਤਿਹਾਸ ਲਿਖਣ ਵਾਲਾ ਬਣਨਾ ਹੈ ਜਾਂ ਫੇਰ ਪੜ੍ਹਨ ਵਾਲਾ।
ਵਿਜੈ ਗਰਗ ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ