ਨਾਭਾ-ਨਸ਼ਾ ਤਸਕਰੀ ਮਾਮਲੇ ਸਬੰਧੀ ਨਾਭਾ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਬੀਤੇ ਦਿਨੀਂ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਨੇ ਨਾਭਾ ਜੇਲ੍ਹ ਵਿੱਚ ਸੁਖਪਾਲ ਸਿੰਘ ਖਹਿਰਾ ਨਾਲ ਲਗਪਗ ਇੱਕ ਘੰਟਾ ਮੁਲਾਕਾਤ ਕੀਤੀ। ਮੁੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰੰਧਾਵਾ ਨੇ ਕਿਹਾ ਕਿ ਆਪ ਪਾਰਟੀ ਉਹ ਦਿਨ ਯਾਦ ਕਰੇ ਜਦੋਂ ਉਸ ਨੇ ਇਸੇ ਕੇਸ ਦੇ ਸਬੰਧ ’ਚ ਸੁਖਪਾਲ ਖਹਿਰਾ ਦੇ ਹੱਕ ’ਚ ਵਿਧਾਨ ਸਭਾ ਵਿਚ ਰੌਲਾ ਪਾਇਆ ਸੀ ਤੇ ਦੋ ਵਾਰੀ ਸੈਸ਼ਨ ਤੱਕ ਮੁਲਤਵੀ ਕਰਨਾ ਪਿਆ ਸੀ। ਉਨ੍ਹਾਂ ਆਖਿਆ ਕਿ ਅੱਜ ਉਹੀ ‘ਆਪ’, ਜਿਸ ਨੇ ਇਹ ਕੇਸ ਚੱਲਣ ਦੇ ਬਾਵਜੂਦ ਇਸ ਨੂੰ ਝੂਠਾ ਕਰਾਰ ਦੇ ਕੇ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ, ਇੰਨੇ ਸਾਲਾਂ ਮਗਰੋਂ ਕਹਿ ਰਹੀ ਹੈ ਕਿ ਖਹਿਰਾ ਮੁਲਜ਼ਮ ਹਨ। ਰੰਧਾਵਾ ਨੇ ਆਖਿਆ, ‘‘ਇਹ ਸਭ ਇਸ ਲਈ ਹੈ ਕਿੳਂੁਕਿ ਖਹਿਰਾ ਵਿਰੋਧੀ ਧਿਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸਨ? ਇਸ ਬਦਲਾਖੋਰੀ ਦੀ ਰਾਜਨੀਤੀ ਨਾਲ ਮੁੱਖ ਮੰਤਰੀ ਆਪਣਾ ਕੱਦ ਘਟਾ ਰਹੇ ਹਨ।’’ ਸਾਬਕਾ ਮੁੱਖ ਮੰਤਰੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਇੱਕ ਹੋਰ ਕੇਸ ਵਿੱਚ ਬੰਦ ਕਿਸੇ ਕੈਦੀ ਤੋਂ ਝੂਠਾ ਬਿਆਨ ਲੈ ਕੇ ਕਾਂਗਰਸੀ ਵਿਧਾਇਕ ਖਹਿਰਾ ’ਤੇ ਇੱਕ ਹੋਰ ਝੂਠਾ ਕੇਸ ਕਰਨ ਦੀ ਤਿਆਰੀ ’ਚ ਹੈ।