ਅੰਮ੍ਰਿਤਸਰ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ 11 ਅਕਤੂਬਰ ਨੂੰ ਬਾਅਦ ਦੁਪਹਿਰ ਸੰਗਤਾਂ ਲਈ ਬੰਦ ਹੋ ਜਾਣਗੇ। ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ 20 ਮਈ ਨੂੰ ਸ਼ੁਰੂ ਹੋਈ ਯਾਤਰਾ 11 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਵਿੱਚ ਹਲਕੀ ਬਰਫਬਾਰੀ ਸ਼ੁਰੂ ਹੋ ਗਈ, ਜਿਸ ਦਾ ਸ਼ਰਧਾਲੂਆਂ ਨੇ ਆਨੰਦ ਮਾਣਿਆ। ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਇਕ ਲੱਖ 80 ਹਜ਼ਾਰ ਤੋਂ ਵਧੇਰੇ ਸ਼ਰਧਾਲੂਆਂ ਨੇ ਇੱਥੇ ਮੱਥਾ ਟੇਕਿਆ, ਜਦੋਂਕਿ ਗ਼ੈਰਸਰਕਾਰੀ ਅੰਕੜਿਆਂ ਮੁਤਾਬਕ ਸ਼ਰਧਾਲੂਆਂ ਦੀ ਗਿਣਤੀ ਲਗਪਗ ਢਾਈ ਲੱਖ ਹੈ। 60 ਤੋਂ 70 ਹਜ਼ਾਰ ਅਜਿਹੇ ਸ਼ਰਧਾਲੂ ਵੀ ਸਨ, ਜੋ ਬਿਨਾ ਰਜਿਸਟਰੇਸ਼ਨ ਤੋਂ ਹੀ ਪੁੱਜੇ।