Articles

ਦਿਖਾਵਾ ਘੁਣ ਵਾਂਗੂੰ ਖਾ ਰਿਹਾ ਜ਼ਿੰਦਗੀ ਨੂੰ

  • Punjabi Bulletin
  • Oct 11, 2023
 ਦਿਖਾਵਾ ਘੁਣ ਵਾਂਗੂੰ ਖਾ ਰਿਹਾ ਜ਼ਿੰਦਗੀ ਨੂੰ
  • 546 views

ਮਾਂ ਬਾਪ ਦੀ ਕਿਰਪਾ ਸਦਕਾ ਮਨੁੱਖ ਇਸ ਸੋਹਣੇ ਸੰਸਾਰ ਵਿੱਚ ਕੁਦਰਤ ਦੇ ਦਰਸ਼ਨ ਕਰਦਾ ਹੈ। ਮਾਂ ਬਾਪ ਆਪ ਤੰਗੀਆਂ ਕੱਟ ਕੇ ਆਪਣੀ ਔਲਾਦ ਨੂੰ ਪੜਾਉਂਦੇ ਹਨ ।ਕਾਬਲ ਬਣਾਉਂਦੇ ਹਨ ।ਉਹਨਾਂ ਨੂੰ ਇਹ ਹੁੰਦਾ ਹੈ ਕਿ ਕੱਲ ਨੂੰ ਉਹਨਾਂ ਦੀ ਔਲਾਦ ਆਪਣੇ ਪੈਰਾਂ ਤੇ ਖੜ ਜਾਏ। ਜੋ ਅੱਜ ਕੱਲ ਦੀ ਜ਼ਿੰਦਗੀ ਹੈ  , ਉਸ ਵਿੱਚ  ਪੈਸਾ ਹੀ ਪ੍ਰਧਾਨ ਬਣ ਚੁੱਕਿਆ ਹੈ ।ਰਿਸ਼ਤੇ ਖ਼ਤਮ ਹੋ ਚੁੱਕੇ ਹਨ। ਅੱਜ ਦਾ ਇਨਸਾਨ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਤੁਲਿਆ ਹੋਇਆ ਹੈ ।ਭਰਾ ਭਰਾ ਨੂੰ ਦੇਖ ਕੇ ਨਹੀਂ ਰਾਜ਼ੀ। ਅੱਜ ਹਾਲਾਤ ਇਹ ਬਿਆਨ ਕਰ ਰਹੇ ਹਨ ਕਿ ਭਰਾ ਦੇ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ। ਰਿਸ਼ਤਿਆਂ ਵਿੱਚ ਤਰੇੜਾਂ ਪੈ ਚੁੱਕੀਆਂ ਹਨ ।ਆਪਸੀ ਪ੍ਰੀਤ, ਪਿਆਰ ਪ੍ਰੇਮ ਖ਼ਤਮ ਹੋ ਚੁੱਕਿਆ ਹੈ। ਇੱਕ ਦੂਜੇ ਪ੍ਰਤੀ ਇੰਨੀ ਨਫ਼ਰਤ ਹੈ। ਮਨ ਵਿੱਚ ਇਨਾ ਵੈਰ ਹੈ ਕਿ ਇਹ ਬੰਦਾ ਕਿਉਂ ਚੰਗੀ ਰੋਟੀ ਖਾ ਰਿਹਾ ਹੈ। ਅੱਜ ਦੇ ਇਨਸਾਨ ਨੂੰ ਇਹ ਹੁੰਦਾ ਹੈ ਕਿ ਬਸ ਮੈਂ ਹੀ ਚੰਗਾ ਖਾਵਾਂ, ਮੈਂ ਹੀ ਚੰਗਾ ਪਹਿਨਾ, ਮੇਰੇ ਬਰਾਬਰ ਦਾ ਕੋਈ ਹੋਰ ਨਾਂ ਖੜਾ ਹੋ ਜਾਵੇ ।ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕਰਜ਼ਾ ਚੁੱਕ ਕੇ ਜ਼ਿੰਦਗੀ ਨੂੰ ਨਰਕ ਬਣਾਇਆ ਜਾ ਰਿਹਾ ਹੈ। ਪੱਛਮੀ ਸੱਭਿਅਤਾ ਦਾ ਬਹੁਤ ਜਿਆਦਾ ਬੋਲ ਬਾਲਾ ਹੈ ।ਦਿਖਾਵੇ ਦੀ ਹੋੜ ਬਹੁਤ ਜਿਆਦਾ ਹੈ।


ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਲੋਕਾਂ ਵਿੱਚ ਆਪਸੀ ਪਿਆਰ ਬਹੁਤ ਸੀ। ਥੋੜੇ ਵਿੱਚ ਹੀ ਸਬਰ ਕਰ ਲਿਆ ਜਾਂਦਾ ਸੀ। ਹਾਲਾਂਕਿ ਇੱਕ ਦੂਜੇ ਦੀ ਪੈਸੇ ਤੇਲੇ ਨਾਲ ਵੀ ਮਦਦ ਕਰ ਦਿੱਤੀ ਜਾਂਦੀ ਸੀ। ਪੈਸੇ ਦਾ ਬਿਲਕੁਲ ਵੀ ਘੁਮੰਡ ਨਹੀਂ ਸੀ। ਲੋਕ ਕੱਚੇ ਘਰਾਂ ਵਿੱਚ ਰਹਿੰਦੇ ਸਨ ।ਦੋ ਕਮਰੇ ਜੋ ਉੱਪਰ ਤੋਂ  ਵੀ ਕੱਚੇ ਤੇ ਨੀਚੇ ਤੋਂ ਵੀ ਕੱਚੇ ਹੁੰਦੇ ਸਨ। ਵਿਹੜਾ ਵੀ ਕੱਚਾ ਹੁੰਦਾ ਸੀ । ਗੋਹੇ ਮਿੱਟੀ ਨਾਲ ਲਿੱਪਿਆ ਜਾਂਦਾ ਸੀ।ਅੱਗੇ ਛੱਪਰ ਟੰਗ ਲਿਆ ਜਾਂਦਾ ਸੀ। ਫੂਸ ਕਾਨਿਆਂ ਨਾਲ ਇਥੋਂ ਤੱਕ ਕਿ ਚਾਰ ਦੀਵਾਰੀ ਵੀ ਕਰ ਲਈ ਜਾਂਦੀ ਸੀ। ਕਹਿਣ ਦਾ ਮਤਲਬ ਹੈ ਕਿ ਦਿਖਾਵਾ ਬਿਲਕੁਲ ਵੀ ਨਹੀਂ ਸੀ। ਛੋਟੇ ਘਰ ਹੁੰਦੇ ਸੀ ,ਪਰ ਪਿਆਰ ਬਹੁਤ ਜ਼ਿਆਦਾ ਹੁੰਦਾ ਸੀ। ਛੋਟੇ ਹੀ ਘਰਾਂ ਵਿੱਚ ਸਾਰਾ ਹੀ ਟੱਬਰ ਇਕੱਠੇ ਰਹਿੰਦਾ ਸੀ। ਪਹਿਲਾਂ ਤਾਂ ਬੱਚੇ ਵੀ ਬਹੁਤ ਹੁੰਦੇ ਸਨ ।ਉੱਥੇ ਹੀ ਖੇਡਣਾ, ਉਥੇ ਹੀ ਲੜਨਾ, ਉਥੇ ਹੀ ਪੜ੍ਹਾਈ ਕਰਨੀ। ਆਪਸ ਵਿੱਚ ਇੱਕ ਦੂਜੇ ਪ੍ਰਤੀ ਬਿਲਕੁਲ ਵੀ ਵੈਰ ਨਫ਼ਰਤ ਨਹੀਂ ਹੁੰਦਾ ਸੀ। ਕਹਿੰਦੇ ਹੁੰਦੇ ਸਨ ਕਿ ਜ਼ਿੰਦਗੀ ਬਸਰ ਕਰਨ ਲਈ ਦੋ ਖਣ ਦਾ ਘਰ ਸਾਡੇ ਲਈ ਬਹੁਤ ਹੈ। ਸਿਆਣੀਆਂ ਗੱਲਾਂ ਕਰਦੇ ਸਨ ਕਿ ਜ਼ਿੰਦਗੀ ਹੀ ਕੱਟਣੀ ਹੈ ।ਕੋਈ ਨਾਲ ਥੋੜੀ ਕੁਝ ਲੈ ਕੇ ਜਾਣਾ ਹੈ। ਬਸ ਹੱਸ ਖੇਡ ਕੇ ਜੋ ਸਮਾਂ ਨਿਕਲ ਰਿਹਾ ਹੈ ਉਸ ਨੂੰ ਕੱਢ ਲਵੋ। ਸੋਚ ਬਹੁਤ ਵਧੀਆ ਹੁੰਦੀ ਸੀ। ਜੇ ਲੂਣ ਨਾਲ ਰੋਟੀ ਖਾ ਰਹੇ ਹਨ ਤਾਂ ਉਸ ਵਿੱਚ ਵੀ ਆਨੰਦ ਮਹਿਸੂਸ ਕਰਦੇ ਸਨ। ਇੱਕ ਕੋਲੀ ਸਬਜ਼ੀ ਨਾਲ ਹੀ ਡੰਗ ਟਪਾ ਲਿਆ ਜਾਂਦਾ ਸੀ। ਉਸ ਸਮੇਂ  ਲੋਕਾਂ ਦੀ ਜ਼ਿੰਦਗੀ ਵਿੱਚ ਸਕੂਨ ਬਹੁਤ ਹੁੰਦਾ ਸੀ।

ਅੱਜ ਦੇ ਜ਼ਮਾਨੇ ਵਿੱਚ ਜੇ ਗੁਆਂਢੀ ਨੇ ਵਧੀਆ ਕੋਠੀ ਪਾ ਲਈ ਤਾਂ ਮੈਂ ਇਸ ਤੋਂ ਕਿਉਂ ਪਿੱਛੇ ਰਹਾਂ ਇਹ ਅੱਜ ਲੋਕਾਂ ਦੀ ਸੋਚ ਹੈ। ਚਾਹੇ ਕਰਜ਼ਾ ਹੀ ਬੈਂਕ ਤੋਂ ਕਿਉਂ ਚੁੱਕਣਾ ਪਵੇ। ਮਕਾਨ ਨੂੰ ਤੋੜ ਭੰਨ ਕੇ ਨਵੇਂ ਨਵੇਂ ਆਰਕੀਟੈਕਟ ਮਾਹਿਰਾਂ ਦੀ ਸਲਾਹ ਲੈ ਕੇ ਡਿਜ਼ਾਇਨ ਤਿਆਰ ਕੀਤੇ ਜਾਂਦੇ ਹਨ। ਮਹਿੰਗੀ ਤੇ ਮਹਿੰਗੇ ਆਰਕੀਟੈਕਟ ਦੀ ਸਲਾਹ ਲਈ ਜਾਂਦੀ ਹੈ। ਲੱਖਾਂ ਰੁਪਇਆਂ ਫੀਸ ਭਰੀ ਜਾਂਦੀ ਹੈ। ਜੇ ਭਰਾ ਕੋਲ ਵੱਡੀ ਕਾਰ ਹੈ ਤਾਂ ਮੈਂ ਛੋਟੀ ਕਾਰ ਆਪਣੇ ਦਰਵਾਜ਼ੇ ਮੂਹਰੇ ਕਿਉਂ ਖੜੀ ਕਰਾਂ। ਦੇਖੋ ਆਨੰਦ ਆਉਣਾ ਚਾਹੀਦਾ ਹੈ ।ਛੋਟੀ ਕਾਰ ਨੇ ਵੀ ਉਨਾਂ ਹੀ ਆਨੰਦ ਦੇਣਾ ਹੈ। ਵੱਡੀ ਕਾਰ ਨੇ  ਵੀ ਉਨ੍ਹਾਂ ਹੀ ਆਨੰਦ ਦੇਣਾ ਹੈ। ਸੀਮਿਤ ਸਾਧਨ ਹੋਣੇ ਚਾਹੀਦੇ ਹਨ। ਆਪਣੇ ਥੱਲੇ ਵੀ ਝਾਤੀ ਮਾਰੋ, ਜਿਨਾਂ ਕੋਲ ਸੀਮਿਤ ਸਾਧਨ ਹੁੰਦੇ ਹਨ ਪਰ ਉਹ ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰ ਲੈਂਦੇ ਹਨ। ਕਈ ਵਾਰ ਘਰ ਨੂੰ ਬਣਾਉਣ ਤੇ ਕਰੋੜਾਂ ਰੁਪਇਆ ਖਰਚਾ ਤੱਕ ਆ ਜਾਂਦਾ ਹੈ। ਫਿਰ ਬੈਂਕਾਂ ਦੀਆਂ ਕਿਸ਼ਤਾਂ ਭਰਦੇ ਰਹਿੰਦੇ ਹਨ। ਸਮੇਂ ਸਿਰ ਬੈਂਕਾਂ ਦੀਆਂ ਕਿਸ਼ਤਾਂ ਨਾ ਭਰਨ ਕਰਕੇ ਨੋਟਿਸ ਵੀ ਬੈਂਕ ਕੱਢ ਦਿੰਦਾ ਹੈ। ਟੈਂਸ਼ਨ ਵਿੱਚ ਆ ਕੇ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੰਦੇ ਹਨ। ਘਰ ਵਿੱਚ ਸਕੂਨ ਨਹੀਂ ਰਹਿੰਦਾ ਹੈ। ਕਲੇਸ਼ ਹਮੇਸ਼ਾ ਰਹਿੰਦਾ ਹੈ ।ਇੱਕ ਦੂਜੇ ਨਾਲ ਨਫਰਤ ਦੀ ਨਜ਼ਰ ਨਾਲ ਦੇਖਦੇ ਹਨ। ਅੱਜ ਕੱਲ ਮਾਂ ਬਾਪ ਵਧੀਆ ਘਰ ਬਣਾਉਂਦੇ ਰਹਿ ਜਾਂਦੇ ਹਨ। ਬੱਚੇ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਕਈ ਪਿੰਡਾਂ ਵਿੱਚ ਮਹਿੰਗੀ ਤੋਂ ਮਹਿੰਗੀ ਕੋਠੀਆਂ ਖਾਲੀ ਪਈਆਂ ਹਨ‌।ਜਿਨਾਂ ਤੇ ਪ੍ਰਵਾਸੀਆਂ ਨੇ ਕਬਜ਼ਾ ਕੀਤਾ ਹੋਇਆ ਹੈ 
   ਅੱਜ ਕੱਲ ਦੀ ਜ਼ਿੰਦਗੀ ਤਾਂ ਵੈਸੇ ਹੀ ਬਹੁਤ ਛੋਟੀ ਹੈ ।ਲੋਕ ਦਿਲ ਦੇ ਰੋਗਾਂ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਛੋਟੀ ਛੋਟੀ ਉਮਰ ਵਿੱਚ ਟੈਂਸ਼ਨਾਂ ਕਰਕੇ ਹਾਰਟ ਅਟੈਕ ਹੋ ਰਹੇ ਹਨ। ਇੱਕ ਗੱਲ ਨੂੰ ਹਮੇਸ਼ਾ ਪੱਲੇ ਬੰਨ੍ਹੋ।  ਸ਼ੁਕਰ ਕਰੋ ਕਿ ਤੁਹਾਡੇ ਕੋਲ ਰਹਿਣ ਲਈ ਘਰ ਹੈ ,ਛੱਤ ਹੈ। ਵੱਡੇ ਵੱਡੇ ਮਹਾਂਨਗਰਾਂ ਵਿੱਚ ਗਰੀਬ ਲੋਕ ਖੁੱਲੇ ਮੇਨ ਹੋਲਾਂ ਵਿੱਚ ਜ਼ਿੰਦਗੀ ਬਸਰ ਕਰਦੇ ਹਨ ।ਫਿਰ ਵੀ ਉਹ ਆਨੰਦ ਲੈਂਦੇ ਹਨ। ਰੂਸੀ ਮਿਸੀ ਖਾ ਕੇ ਵੀ ਉਹ ਹੱਸ ਖੇਡ ਕੇ ਜਿੰਦਗੀ ਗੁਜ਼ਾਰਦੇ ਹਨ। ਅੱਜ ਕੱਲ ਲੋਕ ਆਪਣੀ ਹੱਸਦੀ ਖੇਡਦੀ ਜ਼ਿੰਦਗੀ ਨੂੰ ਖ਼ੁਦ ਆਪ ਨਰਕ ਬਣਾ ਰਹੇ ਹਨ। ਕਰਜ਼ੇ ਚੁੱਕ ਕੇ ਮੌਤ ਨੂੰ ਆਪ ਬੁਲਾਉਂਦੇ ਹਨ। ਵਧੀਆ ਘਰ ਬਣਾਉਣ ਲਈ ਕਰਜ਼ਾ ਚੁੱਕ ਕੇ ਆਪਣੇ ਘਰ ਦੀ ਰਜਿਸਟਰੀ ਹੀ ਅੱਜ ਕੱਲ ਦੇ ਲੋਕ ਬੈਂਕ ਵਿੱਚ ਰੱਖ ਦਿੰਦੇ ਹਨ। ਦੇਖੋ !ਘਰ ਵਧੀਆ ਹੋਵੇ, ਛੋਟਾ ਹੋਵੇ ਪਰ ਉਸ ਵਿੱਚ ਸਕੂਨ ਜਰੂਰ ਹੋਵੇ। ਕਰਜ਼ਾ ਚੁੱਕ ਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਓ। ਦੇਖਾ ਦੇਖੀ ਵਿੱਚ ਆਪਣੀ ਜ਼ਿੰਦਗੀ ਨੂੰ ਕਿਸੇ ਦੇ ਪਿੱਛੇ ਲੱਗ ਕੇ ਖ਼ਰਾਬ ਨਾ ਕਰੋ। ਆਪਣੀ ਮਿਹਨਤ ਨਾਲ ਘਰ ਬਣਾਓ ।ਛੋਟਾ ਬਣਾਓ, ਖੂਬਸੂਰਤ ਬਣਾਓ।ਪਰ ਉਸ ਵਿੱਚ ਸਾਰੇ ਮੈਂਬਰ ਇੱਕ ਦੂਜੇ ਦੀ ਇੱਜਤ ਕਰਨ ਵਾਲੇ ਹੋਣ। ਇੱਕ ਦੂਜੇ ਤੋਂ ਮੂੰਹ ਮੋੜਨ ਵਾਲੇ ਨਾ ਹੋਣ।


ਸੰਜੀਵ ਸਿੰਘ ਸੈਣੀ, ਮੋਹਾਲੀ 7888966168
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024