ਸਫ਼ਰ ਜ਼ਿੰਦਗੀ ਦਾ ਖੁਸ਼ਹਾਲ ਰਹੇ
ਸਹੀ ਦਿਸ਼ਾ ਵੱਲ ਚੱਲਦੀ ਚਾਲ ਰਹੇ
ਸਭ ਨੂੰ ਮਿਹਨਤ ਦਾ ਫਲ ਮਿਲ ਜਾਵੇ
ਉਮੀਦਾਂ ,ਸੁਫ਼ਨਿਆਂ ਨੂੰ ਜੋ ਪਾਲ ਰਹੇ
ਅਸੀਂ ਸਭ ਦਾ ਦਿਲੋਂ ਸਵਾਗਤ ਕੀਤਾ ਹੈ
ਭਾਵੇਂ ਕੁੱਝ ਹੀ ਪੁੱਛ ਦੇ ਸਾਡਾ ਹਾਲ ਰਹੇ
ਚੜ੍ਹ ਦੀ ਕਲਾ ਲਈ ਜੈਕਾਰੇ ਗੂੰਜੇ ਸਨ
ਨਿਡਰ ਹੋ ਕੇ ਨੀਂਹਾਂ ਦੇ ਵਿੱਚ ਬਾਲ ਰਹੇ
ਅਜ਼ਾਦ ਸੋਚ ਨੇ ਦੱਸ ਗੁਲਾਮ ਕੀ ਹੋਣਾ
ਜੇਲ ਵੀ ਹੋਈ ਨਾਲੇ ਵਿਛਦੇ ਜਾਲ ਰਹੇ
ਸ਼ਾਇਰੀ ਵਿੱਚ ਜਜ਼ਬਾਤਾਂ ਦਾ ਮੇਲ ਬੜਾ
ਗ਼ਜ਼ਲ, ਗੀਤ ਲਈ ਵੱਜਦੀ ਤਾਲ ਰਹੇ
ਉਸ ਨਾਲ ਭਾਵੇਂ ਰੋਸੇ ,ਗਿਲੇ ਚੱਲਦੇ ਸੀ
ਪਰ ਬਿਤਾਏ ਦਿਨ ਵੀ ਬੜੇ ਕਮਾਲ ਰਹੇ
ਰਸਤੇ ਵਿੱਚੋਂ ਭਟਕੇ ਹਾਂ ਕੋਈ ਗੱਲ ਨਹੀਂ
ਮੰਜ਼ਿਲ ਬਹੁਤੀ ਦੂਰ ਨਹੀਂ ਜੋ ਭਾਲ ਰਹੇ
ਜੇ ਮੁਸ਼ਕਿਲ ਹੈ ਤਾਂ ਹੱਲ ਜ਼ਰੂਰ ਹੋਵੇਗਾ
ਇਹ ਜੋ ਹੱਕਾਂ ਦੇ ਉੱਤੇ ਉੱਠ ਸਵਾਲ ਰਹੇ
ਅਮਨਦੀਪ ਧਾਲੀਵਾਲ (ਯੂ.ਕੇ)