ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਨੂੰ 1 ਨਵੰਬਰ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਸੀ ਜਿਸ ਬਾਰੇ ਮੁੱਖ ਮੰਤਰੀ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਡਿਬੇਟ ਲਈ ਇਕ ਨਵੰਬਰ ਨੂੰ ਬੁਲਾਇਆ ਗਿਆ ਹੈ ਅਤੇ ਹੁਣ ਵਿਰੋਧੀ ਡਿਬੇਟ ਵਿਚ ਨਾ ਆਉਣ ਦੇ ਕਈ ਬਹਾਨੇ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਨਵੰਬਰ ਨੂੰ ਡਿਬੇਟ ਲਈ ਜ਼ਰੂਰ ਜਾਵਾਂਗਾ। ਮੈਂ ਇਕੱਲੇ ਐੱਸ. ਵਾਈ. ਐੱਲ. ਦੇ ਮੁੱਦੇ ’ਤੇ ਨਹੀਂ ਸਗੋਂ ਸਾਰੇ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਬਹਿਸ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ 1 ਨਵੰਬਰ 1966 ਨੂੰ ਜਦੋਂ ਪੰਜਾਬ ਬਣਿਆ ਸੀ ਤਾਂ ਉਦੋਂ ਤੋਂ ਲੈ ਕੇ ਕਿੱਥੇ-ਕਿੱਥੇ ਕਿਵੇਂ ਕਿਸਾਨੀ ਖ਼ਤਮ ਹੋਈ। ਲਾਹੇਵੰਦ ਧੰਦਾ ਘਾਟੇ ਦਾ ਸੌਦਾ ਕਿਵੇਂ ਬਣਿਆ, ਕਿੱਥੇ-ਕਿੱਥੇ ਸਾਡਾ ਪਾਣੀ ਲੁੱਟਿਆ ਗਿਆ, ਕਿਵੇਂ ਡਰੱਗ ਦਾ ਨਕਸੈਸ ਵਧਿਆ ਹੈ, ਕਿਵੇਂ ਸਾਡਾ ਵਪਾਰ ਬਾਹਰਲੇ ਸੂਬਿਆਂ ਨੂੰ ਪਹੁੰਚਿਆ ਹੈ, ਅਜਿਹੇ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਡਿਬੇਟ ਕਰਨਾ ਚਾਹੁੰਦਾ ਹਾਂ। ਉਥੇ ਹੀ ਵਿਰੋਧੀਆਂ ਵੱਲੋਂ ਡਿਬੇਟ ਵਿਚ ਨਾ ਜਾਣ ਲਈ ਰੱਖੀਆਂ ਜਾ ਰਹੀਆਂ ਸ਼ਰਤਾਂ ਸਬੰਧੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਵਿਰੋਧੀ ਡਿਬੇਟ ਵਿਚ ਨਾ ਆਉਣ ਦੇ ਕਈ ਬਹਾਨੇ ਬਣਾ ਰਹੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਦੀਆਂ ਡਿਬੇਟ ਵਾਲੀਆਂ ਕੁਰਸੀਆਂ ’ਤੇ ਇਨ੍ਹਾਂ ਦਾ ਨਾਮ ਵੀ ਲਿਖਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਥੋਂ ਤੱਕ ਸੁਖਬੀਰ ਸਿੰਘ ਬਾਦਲ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਦੀ ਪਸੰਦ ਦਾ ਖਾਣਾ ਵੀ ਰੱਖਿਆ ਜਾਵੇਗਾ ਪਰ ਇਕ ਵਾਰ ਇਹ ਸਾਰੇ ਜ਼ਰੂਰ ਆਉਣ। ਇਸ ਮੌਕੇ ਸੁਖਬੀਰ ਸਿੰਘ ਬਾਦਲ ’ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਚੋਰ ਦਾ ਮੂੰਹ ਕਾਲਾ ਹੁੰਦਾ ਹੈ ਅਤੇ ਇਹ ਲੋਕ ਸਮੋਸੇ ਦੀ ਰੇਹੜੀ ਵਿਚ ਵੀ ਹਿੱਸਾ ਪਾਉਂਦੇ ਰਹੇ ਹਨ। ਪਿੰਡ ਵਿਚ ਭਾਵੇਂ ਪੁਲਿਸ ਕਿਸੇ ਹੋਰ ਘਰ ਆਈ ਹੋਵੇ ਤਾਂ ਚੋਰ ਨੂੰ ਆਪਣਾ ਹੀ ਡਰ ਹੁੰਦਾ ਹੈ ਕਿ ਕਿਤੇ ਉਸ ਨੂੰ ਨਾ ਪੁਲਿਸ ਫੜ ਲਵੇ, ਇਸੇ ਡਰ ਕਰਕੇ ਚੋਰ ਦੂਜੇ ਘਰ ਵਿਚ ਭੱਜ ਜਾਂਦਾ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਵਿਰੋਧੀਆਂ ਨਾਲ ਖੁੱਲ੍ਹੀ ਬਹਿਸ ਦੀ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਗਈ ਹੈ। ਇਹ ਬਹਿਸ ਤੈਅ ਸਮੇਂ ਮਤਲਬ ਕਿ ਇਕ ਨਵੰਬਰ ਨੂੰ ਹੀ ਹੋਵੇਗੀ। ਇਹ ਬਹਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ’ਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।