ਚੰਡੀਗੜ੍ਹ-ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਲਿਆਂਦੀ ਹੋਈ ਹੈ। ਜਾਣਕਾਰੀ ਮੁਤਾਬਕ ਸਵੇਰ ਸਮੇਂ ਆਏ ਝੱਖੜ ਤੇ ਉਸ ਤੋਂ ਬਾਅਦ ਪਏ ਮੀਂਹ ਕਰਕੇ ਖੇਤਾਂ ਵਿੱਚ ਤਿਆਰ ਖੜ੍ਹੀਆਂ ਫ਼ਸਲਾਂ ਡਿੱਗ ਗਈਆਂ ਹਨ। ਇਸ ਤੋਂ ਇਲਾਵਾ ਮੰਡੀਆਂ ਵਿੱਚ ਸੁੱਟਿਆ ਝੋਨਾ ਭਿੱਜ ਗਿਆ ਹੈ ਅਤੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਵੀ ਰੁਕ ਗਿਆ ਹੈ। ਉੱਧਰ ਮੌਸਮ ਵਿਭਾਗ ਵੱਲੋਂ 17 ਅਕਤੂਬਰ ਨੂੰ ਵੀ ਪੰਜਾਬ ਵਿੱਚ ਵਧੇਰੇ ਥਾਵਾਂ ’ਤੇ ਮੱਧਮ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਤੇ ਗੁਰਦਾਸਪੁਰ ਦੇ ਕੁਝ ਇਲਾਕਿਆਂ ਵਿੱਚ ਤੇਜ਼ ਮੀਂਹ ਦੇ ਨਾਲ ਗੜੇਮਾਰੀ ਹੋਣ ਕਰਕੇ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ ਹੈ ਜਦੋਂਕਿ ਸੂਬੇ ਦੇ ਬਾਕੀ ਸ਼ਹਿਰਾਂ ਵਿੱਚ ਮੀਂਹ ਪੈਣ ਕਰ ਕੇ ਝੋਨੇ ਦੀਆਂ ਤਿਆਰ ਖੜ੍ਹੀਆਂ ਫ਼ਸਲਾਂ ਦੀ ਕਟਾਈ ਪ੍ਰਭਾਵਿਤ ਹੋਵੇਗੀ। ਇਸੇ ਤਰ੍ਹਾਂ ਨਰਮਾ ਪੱਟੀ ਦੇ ਇਲਾਕੇ ਵਿੱਚ ਵੀ ਨਰਮੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ। ਖੇਤੀ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਮੀਂਹ ਕਰ ਕੇ ਫਸਲਾਂ ਦੇ ਹੋਏ ਖਰਾਬੇ ਦੀ ਰਿਪੋਰਟ ਮੰਗੀ ਗਈ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਆਇਆ ਝੋਨਾ ਵੀ ਖੁੱਲ੍ਹੇ ਅਸਮਾਨ ਹੇਠ ਪਿਆ ਹੋਣ ਕਰਕੇ ਭਿੱਜ ਗਿਆ ਹੈ। ਇਸ ਮੀਂਹ ਨੇ ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਸਬੰਧੀ ਕੀਤੀਆਂ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੰਡੀਆਂ ਵਿੱਚ ਤਰਪਾਲਾਂ ਦੀ ਘਾਟ ਅਤੇ ਖੁੱਲ੍ਹੇ ਅਸਮਾਨ ਹੇਠ ਲੱਗੀਆਂ ਬੋਰੀਆਂ ਦੇ ਢੇਰ ਸਾਰੇ ਹੀ ਪਾਣੀ ਵਿੱਚ ਭਿੱਜ ਗਏ ਹਨ। ਉਧਰ, ਆੜ੍ਹਤੀਆਂ ਵੱਲੋਂ ਹੜਤਾਲ ਕਰਨ ਕਰਕੇ ਵੀ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਨਹੀਂ ਹੋ ਰਹੀ ਹੈ, ਜਿਸ ਕਰ ਕੇ ਜ਼ਿਆਦਾਤਰ ਝੋਨਾ ਮੰਡੀਆਂ ਵਿੱਚ ਹੀ ਪਿਆ ਹੈ।