ਚੰਡੀਗੜ੍ਹ-ਕਾਂਗਰਸ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਪਿੱਛੋਂ ਭਾਜਪਾ ਦਾ ਪੱਲਾ ਫੜ ਲਿਆ ਹੈ। ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਪੀਊਸ਼ ਗੋਇਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਗਪਗ ਪਿਛਲੇ 30 ਸਾਲ ਤੋਂ ਰਾਜਨੀਤੀ ਦੇ ਖੇਤਰ ਵਿਚ ਕੰਮ ਕਰਦੇ ਹੋਏ ਪੰਜਾਬ ਦੀ ਸੇਵਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਪੰਜਾਬ ਨੂੰ ਲੈ ਕੇ ਸੁਚਾਰੂ ਸੋਚ ਅਤੇ ਵਿਚਾਰ ਸੁਣ ਕੇ ਮੈਂ ਮਜਬੂਰ ਹੋ ਗਿਆ ਕਿ ਪੰਜਾਬ ਦੀ ਭਲਾਈ ਲਈ ਭਾਜਪਾ ਤੋਂ ਵੱਧ ਬਿਹਤਰੀਨ ਸੋਚ ਕਿਸੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਕਾਂਗਰਸ ਦੇ ਫੈਸਲੇ ਨਿਰਾਸ਼ਾਜਨਕ ਹਨ। ਮੈਂ ਹਮੇਸ਼ਾਂ ਲਈ ਪੰਜਾਬ ਦੀ ਖੁਸ਼ਹਾਲੀ ਲਈ ਫਿਕਰਮੰਦ ਰਹਿੰਦਾ ਹਾਂ।