Punjab

ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਮਾਮਲੇ ’ਚ ਆਇਆ ਨਵਾਂ ਮੋੜ

  • Punjabi Bulletin
  • Oct 22, 2023
ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਮਾਮਲੇ ’ਚ ਆਇਆ ਨਵਾਂ ਮੋੜ
  • 92 views

ਚੰਡੀਗੜ੍ਹ-ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਨੇ ਪਿਛਲੇ ਦਿਨੀਂ ਰੂਪਨਗਰ ’ਚ ਨਹਿਰ ਵਿਚ ਛਾਲ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਪੰਜਾਬ ਦੇ ਸਿਆਸੀ ਹਲਕਿਆਂ ’ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਵਿਰੋਧੀ ਪਾਰਟੀਆਂ ਇਸ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀਆਂ ਹਨ। ਜਾਣਕਾਰੀ ਮੁਤਾਬਕ ਇਸ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ ਜਦੋਂ ਇਸ ਨਾਲ ਸਬੰਧਤ ਇਕ ਆਡੀਉ ਕਲਿੱਪ ਵਾਇਰਲ ਹੋਇਆ ਹੈ।  ਇਹ ਆਡੀਉ ਬਲਵਿੰਦਰ ਕੌਰ ਦੇ ਖ਼ੁਦਕੁਸ਼ੀ ਨੋਟ ਨਾਲ ਕਾਫ਼ੀ ਮੇਲ ਖਾ ਰਹੀ ਹੈ, ਜਿਸ ’ਚ ਉਹ ਨਿਯੁਕਤੀ ਦੇ ਬਾਵਜੂਦ ਸਟੇਸ਼ਨ ਅਲਾਟ ਨਾ ਹੋਣ ਕਾਰਨ ਪ੍ਰੇਸ਼ਾਨੀ ਦੱਸ ਰਹੀ ਹੈ। ਖ਼ੁਦਕੁਸ਼ੀ ਨੋਟ ’ਚ ਬਲਵਿੰਦਰ ਕੌਰ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰਨ ਲਈ ਜ਼ਿੰਮੇਵਾਰ ਦਸਿਆ ਸੀ। ਇਸ ਤੋਂ ਬਾਅਦ ਉਸ ਦੇ ਭਰਾ ਹਰਦੇਵ ਸਿੰਘ ਦੇ ਮੋਬਾਈਲ ’ਚ ਰਿਕਾਰਡ ਆਡੀਉ ਸਾਹਮਣੇ ਆਈ ਸੀ। ਇਸ ਆਧਾਰ ’ਤੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਪੁਲਿਸ ਨੇ ਉਸ ਦੇ ਸਹੁਰੇ ਪ੍ਰਵਾਰ ਦੇ ਮੈਂਬਰਾਂ ਵਿਰੁਧ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਤਰ੍ਹਾਂ ਦੇ ਆਡੀਉ ਤੇ ਬਲਵਿੰਦਰ ਕੌਰ ਦੇ ਖ਼ੁਦਕੁਸ਼ੀ ਨੋਟ ਬਾਅਦ ਮਾਮਲਾ ਉਲਝਦਾ ਦਿਖਾਈ ਦੇ ਰਿਹਾ ਹੈ।  ਇਕ ਪਾਸੇ ਬਲਵਿੰਦਰ ਕੌਰ ਮੰਤਰੀ ਨੂੰ ਖ਼ੁਦਕੁਸ਼ੀ ਨੋਟ ’ਚ ਜ਼ਿੰਮੇਵਾਰ ਠਹਿਰਾ ਰਹੀ ਹੈ ਪਰ ਦੂਜੇ ਪਾਸੇ ਭਰਾ ਤੋਂ ਮਿਲੀ ਆਡੀਉ ਮੁਤਾਬਕ ਇਸ ਘਟਨਾ ਲਈ ਉਸ ਦੇ ਸਹੁਰੇ ਪ੍ਰਵਾਰ ਦੇ ਮੈਂਬਰ ਜ਼ਿੰਮੇਵਾਰ ਹਨ। ਹਾਲੇ ਤਕ ਸਰਕਾਰ ਨੇ ਇਸ ਮਾਮਲੇ ’ਚ ਕੋਈ ਵਿਸ਼ੇਸ਼ ਜਾਂਚ ਕਮੇਟੀ ਵੀ ਗਠਿਤ ਨਹੀਂ ਕੀਤੀ ਜਿਸ ਨਾਲ ਅਸਲੀਅਤ ਸਾਹਮਣੇ ਆ ਸਕੇ। ਇਸ ਤਰ੍ਹਾਂ ਮਾਮਲਾ ਤੱਥਾਂ ’ਚ ਉਲਝਣ ਕਾਰਨ ਸਿਆਸੀ ਰੰਗਤ ਲੈ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਦੇ ਹੱਥ ਸਰਕਾਰ ਦੀ ਘੇਰਾਬੰਦੀ ਲਈ ਮੁੱਦਾ ਹੱਥ ਲੱਗ ਗਿਆ ਹੈ।  ਜ਼ਿਕਰਯੋਗ ਹੈ ਕਿ ਬਲਵਿੰਦਰ ਕੌਰ ਵਲੋਂ ਖ਼ੁਦਕੁਸ਼ੀ ਨੋਟ ’ਚ ਲਾਏ ਦੋਸ਼ਾਂ ਬਾਰੇ ਸਿਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਪ੍ਰਤੀਕਰਮ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਮੇਰਾ ਬਲਵਿੰਦਰ ਕੌਰ ਨਾਲ ਕੋਈ ਸਿੱਧਾ ਸੰਪਰਕ ਜਾਂ ਗੱਲਬਾਤ ਤਾਂ ਨਹੀਂ ਹੋਈ ਪਾਰ ਉਨ੍ਹਾਂ ਸਹਾਇਕ ਪ੍ਰੋਫ਼ੈਸਰਾਂ ਦਾ ਮਸਲਾ ਹੱਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਮੀਟਿੰਗਾਂ ਵੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬਲਵਿੰਦਰ ਕੌਰਦੀ ਖ਼ੁਦਕੁਸ਼ੀ ਦੇ ਮਾਮਲੇ ਬਾਰੇ ਕਾਰਨਾਂ ਨੂੰ ਲੈ ਕੇ ਹਾਲੇ ਪੂਰੀ ਜਾਂਚ ਤੋਂ ਪਹਿਲਾਂ ਕੁੱਝ ਕਹਿਣਾ ਠੀਕ ਨਹੀਂ। ਜ਼ਿਲ੍ਹੇ ਦੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਦਾ ਕਹਿਣਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ। 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024