ਮੁਹਾਲੀ-ਸੂਬੇ ਵਿੱਚ ਹੋ ਰਹੀ ਝੋਨੇ ਦੀ ਕਟਾਈ ਦੌਰਾਨ ਬੀਤੇ ਦਿਨੀਂ ਸੈਟੇਲਾਈਟ ਕੈਮਰਿਆਂ ਨੇ 19 ਜ਼ਿਲ੍ਹਿਆਂ ’ਚ 152 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਕੈਦ ਕੀਤਾ। ਜਾਣਕਾਰੀ ਮੁਤਾਬਕ ਸੂਬੇ ਵਿੱਚ ਹੁਣ ਤੱਕ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ 1946 ਘਟਨਾਵਾਂ ਵਾਪਰ ਚੁੱਕੀਆਂ ਹਨ। ਹਾਲਾਂਕਿ, ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 58% ਘੱਟ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਮੌਜੂਦਾ ਸਾਉਣੀ ਦੇ ਸੀਜ਼ਨ (15 ਸਤੰਬਰ ਤੋਂ 30 ਨਵੰਬਰ) ਦੌਰਾਨ 23 ਅਕਤੂਬਰ ਤੱਕ ਸੂਬੇ ਵਿਚ ਖੇਤਾਂ ਨੂੰ ਅੱਗ ਲੱਗਣ ਦੇ 1946 ਮਾਮਲੇ ਸਾਹਮਣੇ ਆਏ ਹਨ। ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਜ਼ਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰੋ, ਖਾਦ ਪਾਉਣ ਦੀ ਘੱਟ ਲੋੜ ਪਵੇਗੀ। ਝੋਨੇ ਦੀ ਇੱਕ ਏਕੜ ਫ਼ਸਲ ਵਿੱਚ 2.5 ਤੋਂ 3 ਟਨ ਪਰਾਲੀ ਪੈਦਾ ਹੁੰਦੀ ਹੈ। ਇੱਕ ਟਨ ਪਰਾਲੀ ਸਾੜਨ ਨਾਲ ਅਸੀਂ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 2.5 ਕਿਲੋ ਪੋਟਾਸ਼ ਅਤੇ 12 ਕਿਲੋ ਗੰਧਕ ਗੁਆ ਦਿੰਦੇ ਹਾਂ। ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਜ਼ਮੀਨ ਵਿੱਚ ਰਲਾ ਕੇ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ। ਖੇਤੀ ਮਾਹਿਰਾਂ ਅਨੁਸਾਰ ਅਜਿਹਾ ਕਰਨ ਨਾਲ ਖਾਦ ਪਾਉਣ ਦੀ ਲੋੜ ਘੱਟ ਜਾਂਦੀ ਹੈ। ਦੱਸ ਦਈਏ ਕਿ ਬਾਸਮਤੀ ਦੇ ਡਿੱਗਦੇ ਭਾਅ ਨੂੰ ਰੋਕਣ ਲਈ ਪੱਧਰ, ਬਲਾਕ ਅਤੇ ਪਿੰਡ ਪੱਧਰ ’ਤੇ ਸਮਾਗਮ ਕਰਵਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਪਿਛਲੇ ਸਾਲ ਨਾਲੋਂ ਕੇਸਾਂ ਵਿੱਚ ਭਾਰੀ ਕਮੀ ਆਈ ਹੈ।