ਚੰਡੀਗੜ੍ਹ-ਗੋਆ ਵਿਖੇ ਹੋ ਰਹੀਆਂ 37 ਵੀਆਂ ਰਾਸ਼ਟਰੀ ਖੇਡਾਂ ਵਿੱਚ ਪਹਿਲੀ ਵਾਰ ਗਤਕਾ ਖੇਡ ਨੂੰ ਸ਼ਾਮਿਲ ਕੀਤਾ ਗਿਆ ਹੈ। ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਯਤਨਾਂ ਸਦਕਾ ਇਸ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਅਤੇ ਨੈਸ਼ਨਲ ਖੇਡਾਂ ਦੇ ਡਾਇਰੈਕਟਰ ਆਫ ਕੰਪੀਟੀਸ਼ਨ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਗਤਕਾ ਖੇਡ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲਣੀ ਗਤਕਾ ਖਿਡਾਰੀਆਂ ਅਤੇ ਗਤਕਾ ਪ੍ਰੇਮੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਸ ਵਾਰ ਗਤਕਾ ਖੇਡ ਦੇ ਮੁਕਾਬਲੇ ਮਿਤੀ 31 ਅਕਤੂਬਰ ਤੋਂ 2 ਨਵੰਬਰ ਤੱਕ ਗੋਆ ਦੇ ਪਣਜਿੰਮ ਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ। ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਇਸ ਖੇਡ ਵਿੱਚ 11 ਰਾਜਾਂ ਦੇ 176 ਖਿਡਾਰੀ ਭਾਗ ਲੈ ਰਹੇ ਹਨ। ਭਾਗ ਲੈਣ ਵਾਲੇ ਰਾਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਗੋਆ ਹਨ। ਇਨ੍ਹਾਂ ਮੁਕਾਬਲਿਆਂ ਵਿੱਚ 88 ਲੜਕੇ ਅਤੇ 88 ਲੜਕੀਆਂ ਸ਼ਾਮਿਲ ਹੋਣਗੀਆਂ। ਕਾਰਜਕਾਰੀ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਖੇਡ ਨੂੰ ਏਸ਼ੀਆ ਅਤੇ ਵਰਲਡ ਪੱਧਰ ਤੇ ਲਿਜਾਣ ਲਈ ਕਾਰਜ ਆਰੰਭ ਦਿੱਤੇ ਗਏ ਹਨ। ਇਸ ਕਾਰਜ ਦੀ ਪੂਰਤੀ ਲਈ ਛੇਤੀ ਹੀ ਏਸ਼ੀਆ ਗਤਕਾ ਕੱਪ ਅਤੇ ਵਰਲਡ ਗਤਕਾ ਕੱਪ ਕਰਵਾਏ ਜਾ ਰਹੇ ਹਨ। ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਮੂਹ ਮੈਂਬਰਾਂ ਵੱਲੋਂ ਇਸ ਖੇਡ ਨੂੰ ਨੈਸ਼ਨਲ ਗੇਮਜ਼ ਵਿੱਚ ਸ਼ਾਮਿਲ ਕਰਨ ਲਈ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਮੈਡਮ ਪੀ.ਟੀ ਊਸ਼ਾ ਅਤੇ ਜੀ.ਟੀ.ਸੀ.ਸੀ ਦੇ ਚੇਅਰਮੈਨ ਸ਼੍ਰੀ ਅਮਿਤਾਭ ਸ਼ਰਮਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।