Poems

ਇਹਦੀ ਸ਼ਾਨ ਨਵਾਬੀ

  • Punjabi Bulletin
  • Oct 31, 2023
ਇਹਦੀ ਸ਼ਾਨ ਨਵਾਬੀ
  • 183 views
ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ
ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ।

ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿਚ ਪੰਜਾਬੀ
ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ
ਪੰਜਾਬੀ ਇਨਸਾਨ ਬਣਾਇਆ, ਸਾਨੂੰ ਸਿਰਜਣਹਾਰ।
ਮਾਤ-ਭਾਸ਼ਾ ਦਾ...

ਇਸ ਭਾਸ਼ਾ ਵਿੱਚ ਫ਼ਰੀਦ, ਕਬੀਰ ਜੀ, ਰਚੇ ਨੇ ਕਈ ਸ਼ਲੋਕ
ਦੇਸ਼-ਵਿਦੇਸ਼ 'ਚ ਲੱਖਾਂ, ਏਹੋ ਬੋਲੀ ਬੋਲਣ ਲੋਕ
ਉਨ੍ਹਾਂ ਦਰਵੇਸ਼ਾਂ ਜਿਹਾ ਹੋਵੇ, ਸਾਡਾ ਵੀ ਕਿਰਦਾਰ।
ਮਾਤ-ਭਾਸ਼ਾ ਦਾ...

ਗੁਰਬਾਣੀ ਤੇ ਸੂਫ਼ੀ ਕਵਿਤਾ, ਵਾਰਾਂ- ਕਿੱਸੇ- ਦੋਹੇ
ਇਸ ਭਾਸ਼ਾ ਵਿੱਚ ਵਾਰਿਸ ਸ਼ਾਹ ਨੇ, ਇਸ਼ਕ ਦੇ ਨਗ਼ਮੇ ਛੋਹੇ
ਵਿਚ ਪੰਜਾਬੀ ਲਿਖਿਆ ਪੀਲੂ, ਮੁਕਬਲ, ਅਹਿਮਦ ਯਾਰ।
ਮਾਤ-ਭਾਸ਼ਾ ਦਾ...

ਹਾਸ਼ਮ ਸ਼ਾਹ ਤੇ ਸ਼ਿਵ ਕੁਮਾਰ ਨੇ, ਲਿਖੇ ਨੇ ਬਿਰਹਾ ਗੀਤ
ਏਸੇ ਭਾਸ਼ਾ ਵਿੱਚ ਲਿਖਦਾ ਹੈ, ਕਵਿਤਾ 'ਨਵ ਸੰਗੀਤ' 
ਸਾਰੇ ਨੇ ਪੰਜਾਬੀ, ਹਿੰਦੂ-ਮੁਸਲਿਮ ਤੇ ਸਰਦਾਰ।
ਮਾਤ-ਭਾਸ਼ਾ ਦਾ...

ਕਦੇ ਏਸਨੂੰ ਸਮਝ ਗੰਵਾਰੂ, ਪੈਰਾਂ ਵਿੱਚ ਹੈ ਰੋਲੀ
ਬੋਲ ਕੇ ਵੇਖ ਪੰਜਾਬੀ ਭਾਸ਼ਾ, ਹੈ ਨਾ ਮਿਸ਼ਰੀ ਘੋਲੀ 
ਮਾਂ-ਬੋਲੀ ਬੋਲਣ ਵਾਲੇ ਨੂੰ, ਨਾ ਪਾਈਏ ਫਿਟਕਾਰ।
ਮਾਤ-ਭਾਸ਼ਾ ਦਾ...

ਪਿਉ-ਦਾਦੇ ਦਾ ਖੋਲ੍ਹ ਵੇਖੀਏ, ਇਹ ਅਨਮੋਲ ਖ਼ਜ਼ਾਨਾ
ਆਪਸ ਵਿੱਚ ਪੰਜਾਬੀ ਬੋਲੋ, ਕੋਈ ਨਾ ਦਿਸੇ ਬੇਗਾਨਾ
ਮਾਂ-ਬੋਲੀ ਦਾ ਉੱਚਾ ਰੁਤਬਾ, ਵਿਰਸਾ, ਸਭਿਆਚਾਰ।
ਮਾਤ-ਭਾਸ਼ਾ ਦਾ...

ਜਨਮ-ਮਰਨ ਤੇ ਵਿਆਹ ਦੇ ਮੌਕੇ, ਜਾਂ ਫਿਰ ਖ਼ੁਸ਼ੀ-ਗ਼ਮੀ ਵਿੱਚ
ਇਹੋ ਭਾਸ਼ਾ ਤ੍ਰਿਪਤੀ ਦੇਵੇ, ਸਾਨੂੰ ਖੁਸ਼ਕ-ਨਮੀ ਵਿੱਚ
ਗਿਣੇ ਨਾ ਜਾਵਣ ਮਾਂ-ਬੋਲੀ ਦੇ, ਕਿੰਨੇ ਨੇ ਉਪਕਾਰ।
ਮਾਤ-ਭਾਸ਼ਾ ਦਾ...

ਵਿੱਚ ਸੰਸਾਰ ਦੇ ਇਸ ਭਾਸ਼ਾ ਨੂੰ, ਮਿਲਿਆ ਉੱਚਾ ਦਰਜਾ
ਮੰਨੀਏ ਖ਼ੁਦ ਨੂੰ ਜੇ ਪੰਜਾਬੀ, ਬਿਨ ਇਹਦੇ ਨਾ ਸਰਦਾ
ਰਫ਼ਤਾ-ਰਫ਼ਤਾ ਕਰਕੇ ਇਸ ਦੀ, ਤੇਜ਼ ਹੋਈ ਰਫ਼ਤਾਰ।
ਮਾਤ-ਭਾਸ਼ਾ ਦਾ...

ਕੁਝ ਪਡ਼੍ਹਦੇ ਅਖ਼ਬਾਰ ਰਸਾਲੇ, ਪੜ੍ਹਨ ਕਈ ਗੁਰਬਾਣੀ
ਮਾਂ-ਬੋਲੀ ਪੰਜਾਬੀ ਸਾਡੀ, ਗੱਲ ਇਹ ਸੱਚੀ ਜਾਣੀ 
ਦੇਸ਼-ਵਿਦੇਸ਼ੀਂ ਬੋਲਣ, ਮੰਦਿਰ-ਮਸਜਿਦ-ਗੁਰ ਦਰਬਾਰ।
ਮਾਤ-ਭਾਸ਼ਾ ਦਾ...

ਸਮਝੋ-ਸਿੱਖੋ ਹੋਰ ਬੋਲੀਆਂ, ਛੱਡੋ ਨਾ ਪੰਜਾਬੀ 
'ਰੂਹੀ' ਉੱਚੀ ਆਖ ਸੁਣਾਵੇ: ਇਹਦੀ ਸ਼ਾਨ ਨਵਾਬੀ 
ਮਾਂ-ਬੋਲੀ ਸੁਣ ਕੇ ਹੈ ਛਿੜਦੀ, ਕਣ ਕਣ ਵਿੱਚ ਝੁਣਕਾਰ।
Kਮਾਤ-ਭਾਸ਼ਾ ਦਾ... 
                         ***********
~ ਪ੍ਰੋ. ਨਵ ਸੰਗੀਤ ਸਿੰਘ 
 9417692015.  
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024