ਪਟਿਆਲਾ-ਦਿੱਲੀ ਵਿਚ ਫ਼ੇਲ੍ਹ ਹੋ ਚੁੱਕੀ ਸ਼ਰਾਬ ਨੀਤੀ ਪੰਜਾਬ ’ਤੇ ਥੋਪੀ ਗਈ ਹੈ ਜਿਸ ਕਰਕੇ ਪੰਜਾਬ ਵਿਚ ਠੇਕੇਦਾਰਾਂ ਦਾ ਰਾਜ ਹੋਣ ਕਰਕੇ ਵੱਡੇ ਘਪਲੇ ਹੋ ਰਹੇ ਹਨ। ਇਹ ਘਪਲੇ ਕੋਈ ਛੋਟੇ ਨਹੀਂ ਸਗੋਂ 4000 ਕਰੋੜ ਤੋਂ ਵੱਧ ਦੇ ਹਨ। ਇਸ ਨੀਤੀ ਰਾਹੀਂ ਸਰਕਾਰ ਨੂੰ ਘੱਟ ਮਾਲੀਆ ਮਿਲ ਰਿਹਾ ਹੈ ਜਦਕਿ ਠੇਕੇਦਾਰ ਵੱਧ ਕਮਾ ਰਹੇ ਹਨ। ਇਹ ਸ਼ਬਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਹੇ। ਜਾਣਕਾਰੀ ਮੁਤਾਬਕ ਪਟਿਆਲਾ ਵਿਚਲੇ ਆਪਣੇ ਘਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਤੇ ਦਿੱਲੀ ਸਰਕਾਰ ਨੂੰ ਖ਼ੂਬ ਰਗੜੇ ਲਾਏ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਭਗਵੰਤ ਮਾਨ ਉਨ੍ਹਾਂ ਦਾ ਛੋਟਾ ਭਰਾ ਹੈ, ਉਸ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਹੈ ਪਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੇ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਪੰਜਾਬ ਵਿਚ ਕੀਤੇ ਜਾ ਰਹੇ ਕਥਤਿ ਘਪਲਿਆਂ ਦੀ ਪੜਤਾਲ ਕਿਸੇ ਵਿਸ਼ੇਸ਼ ਨਿਰਪੱਖ ਏਜੰਸੀ ਤੋਂ ਕਰਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਮਨਮਰਜ਼ੀਆਂ ਕਰਨ ਲਈ ਪੰਜਾਬ ਸਰਕਾਰ ਚੰਗੇ ਇਮਾਨਦਾਰ ਅਧਿਕਾਰੀਆਂ ਨੂੰ ਖੁੱਡੇ ਲਾਈਨ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਖ਼ਪਤ ਘੱਟ ਕਰਨ ਵਾਲੇ ਸੂਬੇ ਤਾਮਿਲਨਾਡੂ 44,098 ਕਰੋੜ, ਕਰਨਾਟਕ 29,000 ਕਰੋੜ, ਤੇਲੰਗਾਨਾ 31,000 ਕਰੋੜ ਤੇ ਕੇਰਲਾ 16,000 ਕਰੋੜ ਸ਼ਰਾਬ ਤੋਂ ਕਮਾ ਰਹੇ ਹਨ ਪਰ ਸ਼ਰਾਬ ਦੀ ਖਪਤ ਵੱਧ ਹੋਣ ਦੇ ਬਾਵਜੂਦ ਪੰਜਾਬ ਸ਼ਰਾਬ ਤੋਂ ਮਾਮੂਲੀ ਰੁਪਏ ਹੀ ਕਮਾ ਰਿਹਾ ਹੈ ਜਦਕਿ ਇਥੇ ਠੇਕੇਦਾਰ ਵੱਧ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਐੱਲ-1 ਲਾਇਸੰਸ ਸਭ ਤੋਂ ਵੱਡੀ ਠੱਗੀ ਹੈ, ਇਨ੍ਹਾਂ ਨੇ ਤਾਂ ਇਸ ਠੱਗੀ ਨੂੰ ਹੋਰ ਵੱਡੀ ਕਰਨ ਲਈ ਸੁਪਰ ਐੱਲ-1 ਲਾਇਸੈਂਸ ਜਾਰੀ ਕਰ ਦਿੱਤੇ ਹਨ। ਪੰਜ ਸੂਬਿਆਂ ਦੀਆਂ ਚੋਣਾਂ ਵਿਚ ਪ੍ਰਚਾਰ ਕਰਨ ਲਈ ਜਾਣ ਦੇ ਸਵਾਲ ਤੇ ਸ੍ਰੀ ਸਿੱਧੂ ਨੇ ਕਿਹਾ ਕਿ ਹਾਈਕਮਾਂਡ ਨੇ ਹਾਲੇ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਕੀਤਾ, ਇਸ ਕਰਕੇ ਉਹ ਕਤਿੇ ਨਹੀਂ ਜਾ ਰਿਹਾ ਜਦੋਂ ਵੀ ਕੋਈ ਹੁਕਮ ਹੋਵੇਗਾ ਉਹ ਜਾਵੇਗਾ ਪਰ ਪੰਜਾਬ ਨਹੀਂ ਛੱਡੇਗਾ।