ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਸ਼ਾਜਸ਼ੀ ਚੁੱਪ ਦੇ ਖਿਲਾਫ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ 09 ਤੋਂ 11 ਨਵੰਬਰ ਤੱਕ ਕੈਬਨਿਟ ਮੰਤਰੀਆਂ ਅਤੇ ਵਿਧਾਇਕਾ ਦੇ ਘਰਾਂ ਅੱਗੇ ਅਰਥੀਆਂ ਫ਼ੂਕਣ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ "ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ" ਵੱਲੋਂ ਸਾਂਝਾ ਫਰੰਟ ਦੇ ਕਨਵੀਨਰ ਐਨ.ਕੇ.ਕਲਸੀ ਜੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਉਪਰੰਤ ਸਾਂਝਾ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਸੁਵਿੰਦਰ ਪਾਲ ਸਿੰਘ ਮੋਲੋਵਾਲੀ, ਜਰਮਨਜੀਤ ਸਿੰਘ , ਰਣਜੀਤ ਸਿੰਘ ਰਾਣਵਾ, ਕਰਮ ਸਿੰਘ ਧਨੋਆ, ਬਾਜ ਸਿੰਘ ਖਹਿਰਾ, ਭਜਨ ਸਿੰਘ ਗਿੱਲ,ਰਤਨ ਸਿੰਘ ਮਜਾਰੀ, ਗਗਨਦੀਪ ਸਿੰਘ ਭੁਲਰ, ਸੁਖਦੇਵ ਸਿੰਘ ਸੈਣੀ, ਹਰਭਜਨ ਸਿੰਘ ਪਿਲਖਣੀ, ਰਾਧੇ ਸ਼ਾਮ, ਜਸਵੀਰ ਸਿੰਘ ਤਲਵਾੜਾ, ਗੁਰਮੇਲ ਮੈਲਡੇ, ਬੋਬਿੰਦਰ ਸਿੰਘ, ਦਿਗਵਿਜੇ ਪਾਲ, ਸੁਰਜੀਤ ਸਿੰਘ ਗਗੜਾ ਅਤੇ ਸੁਖਵਿੰਦਰ ਸਿੰਘ ਲਵਲੀ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾ ਤੇ ਪੈਨਸ਼ਨਰਾ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਗਭੀਰ ਨਹੀਂ ਹੈ ਉਲਟਾ ਸਰਕਾਰ ਵੱਲੋਂ ਸਾਜਿਸ਼ੀ ਚੁੱਪ ਧਾਰੀ ਹੋਈ ਹੈ। ਪੰਜਾਬ ਕੈਬਨਿਟ ਦੀ 06 ਨਵੰਬਰ ਦੀ ਮੀਟਿੰਗ ਵਿੱਚ ਇਸ ਵਰਗ ਨੂੰ ਕਾਫੀ ਆਸ ਸੀ ਕਿ ਸਰਕਾਰ ਕੁੱਝ ਮੁਲਾਜ਼ਮ/ਪੈਨਸ਼ਨਰ ਪੱਖੀ ਫੈਸਲੇ ਲਵੇਗੀ, ਪ੍ਰੰਤੂ ਇਸ ਮੀਟਿੰਗ ਵਿੱਚ ਸਰਕਾਰ ਨੇ ਵਪਾਰੀ ਵਰਗ ਨੂੰ ਹੀ ਯਕਮੁਸ਼ਤ ਨਿਪਟਾਰਾ ਸਕੀਮ ਤਹਿਤ ਟੈਕਸਾਂ ਵਿੱਚ ਛੋਟ ਦਿੱਤੀ ਹੈ ਅਤੇ ਤੀਰਥ ਯਾਤਰਾਵਾਂ ਦੇ ਹੀ ਸੁਪਨੇ ਦਿਖਾਏ ਹਨ। ਆਗੂਆਂ ਆਖਿਆ ਕਿ ਮੁਲਾਜ਼ਮਾ/ਪੈਨਸ਼ਨਰਾ ਨੂੰ ਮਹਿਗਾਈ ਭੱਤਾ ਨਾ ਦੇ ਕੇ ਤਨਖਾਹ ਅਤੇ ਪੈਨਸ਼ਨ ਨੂੰ 12 ਪ੍ਰਤੀਸ਼ਤ ਖੋਰਾ ਲਗਾਇਆ ਜਾ ਰਿਹਾ ਹੈ ਅਤੇ ਇਹ ਅਸਮਾਨਤਾ ਲੰਬੇ ਸਮੇਂ ਤੌਂ ਚੱਲ ਰਹੀ ਹੈ। ਇਹ ਵੀ ਪਹਿਲੀ ਵਾਰ ਹੈ ਕਿ ਦਿਵਾਲੀ ਤੇ ਮਹਿਗਾਈ ਭੱਤਾ ਨਾ ਮਿਲੇ ਜਦੋਂਕਿ ਗੁਆਂਢੀ ਸੂਬੇ ਅਤੇ ਚੰਡੀਗੜ੍ਹ ਦੇ ਮੁਲਾਜ਼ਮ ਲੈ ਰਹੇ ਹਨ। ਇਸ ਵਰਗ ਨੂੰ ਤਨਖਾਹ ਕਮਿਸ਼ਨ ਦਾ ਕੋਈ ਬਕਾਇਆ ਨਹੀਂ, ਪੈਨਸ਼ਨਰਾਂ ਨੂੰ 2.59 ਗੁਣਾਂਕ ਨਹੀਂ, ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਠੰਡੇ ਬਸਤੇ ਵਿੱਚ, ਕੱਚੇ ਮੁਲਾਜ਼ਮ ਕੱਚੇ ਦੇ ਕੱਚੇ, ਮਾਣ ਭੱਤਾ/ਇਨਸੈਂਟਿਵ ਮੁਲਾਜ਼ਮਾ ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਨਹੀਂ, ਪੁਰਾਣੀ ਪੈਨਸ਼ਨ ਦਾ ਸਿਰਫ਼ ਕਾਗਜ਼ੀ ਐਲਾਨ ਹੀ ਰਹਿ ਗਿਆ, ਸੋਧਣ ਦੇ ਨਾਂ ਤੇ ਬੰਦ ਕੀਤੇ ਭੱਤੇ ਹੁਣ ਫਰੀਜ ਹੀ ਕਰ ਦਿੱਤੇ ਹਨ, ਪ੍ਰੋਵੇਸ਼ਨ ਪੀਰੀਅਡ ਤੇ ਮੁਲਾਜ਼ਮਾ ਦਾ ਸ਼ੋਸ਼ਣ ਜਾਰੀ ਹੈ, ਕੇਂਦਰੀ ਸਕੇਲ ਵਾਪਸ ਨਹੀਂ ਲਏ ਜਾ ਰਹੇ ਅਤੇ ਵਿਕਾਸ ਦੇ ਨਾਂ ਤੇ 200 ਰੁਪਏ ਜ਼ਜ਼ੀਆ ਟੈਕਸ ਦੀ ਕਟੌਤੀ ਜਾਰੀ ਹੈ। ਆਗੂਆਂ ਆਖਿਆ ਕਿ ਹੁਣ ਤਾਂ ਸਰਕਾਰ ਗਲਬਾਤ ਤੋਂ ਵੀ ਭੱਜ ਗਈ ਹੈ, ਇਸ ਲਈ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਮੁਲਾਜ਼ਮ/ਪੈਨਸ਼ਨਰਜ਼ ਵਿਰੋਧੀ ਵਤੀਰੇ ਖਿਲਾਫ ਪੂਰੇ ਪੰਜਾਬ ਅੰਦਰ ਮਿਤੀ 09, 10 ਅਤੇ 11 ਨਵੰਬਰ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ/ ਹਲਕਾ ਵਿਧਾਇਕਾ ਦੇ ਘਰਾਂ ਅੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਫੂਕਣਗੇ। ਇਸ ਮੌਕੇ ਰੋਸ ਦਾ ਪ੍ਰਗਟਾਵਾ ਕਾਲੇ ਝੰਡੇ/ਕਾਲੀ ਪੱਗੜ੍ਹੀ/ਕਾਲੀ ਚੂਨੀ/ਕਾਲੀ ਪੱਟੀ ਆਦਿ ਨਾਲ ਕੀਤਾ ਜਾਵੇਗਾ। ਇਸ ਉਪਰੰਤ ਅਗਲੇ ਤਿੱਖੇ ਐਕਸ਼ਨ ਉਲੀਕਣ ਲਈ ਮਿਤੀ 14 ਨਵੰਬਰ ਨੂੰ 11 .00 ਵਜੇ ਪੈਨਸ਼ਨਰਜ਼ ਭਵਨ ਲੁਧਿਆਣਾ ਵਿੱਖੇ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਸਾਂਝਾ ਫਰੰਟ ਵਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਕੀਤੀ ਜਾ ਰਹੀ ਕਲਮ ਛੋੜ/ਕੰਪਿਊਟਰ ਛੋੜ ਹੜਤਾਲ ਦਾ ਵੀ ਸਮਰਥਨ ਕੀਤਾ ਗਿਆ ਅਤੇ ਉਹਨਾਂ ਨੂੰ ਵੀ ਸਾਂਝਾ ਫਰੰਟ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।