Punjab

ਮੰਡੀਆਂ 'ਚ ਝੋਨਾ ਵੱਧ ਤੋਲਣ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੰਡੀ ਦਫਤਰ ਅੱਗੇ ਨਾਅਰੇਬਾਜ਼ੀ

  • Punjabi Bulletin
  • Nov 10, 2023
ਮੰਡੀਆਂ 'ਚ ਝੋਨਾ ਵੱਧ ਤੋਲਣ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੰਡੀ ਦਫਤਰ ਅੱਗੇ ਨਾਅਰੇਬਾਜ਼ੀ
  • 58 views
ਸੰਗਰੂਰ-ਅੱਜ ਜਿੱਥੇ ਇੱਕ ਪਾਸੇ ਸਾਰਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪਰਾਲੀ ਦੇ ਧੂੰਏਂ ਦੇ ਮਾਮਲੇ ਤੇ ਕਿਸਾਨਾਂ ਦੇ ਪਿੱਛੇ ਪਿਆ ਹੋਇਆ ਹੈ ਤੇ ਕਿਸਾਨਾਂ ਨੂੰ ਮੁਜਰਮ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆ ਰਹੇ ਕਿਸਾਨਾਂ ਦੀ ਆੜਤੀਆਂ ਵੱਲੋਂ ਕੀਤੀ ਜਾ ਰਹੀ ਭਾਰੀ ਲੁੱਟ ਦੇ ਖਿਲਾਫ ਇਹੀ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਮੰਡੀਆਂ ਵਿੱਚ ਕਥਿਤ ਤੌਰ ਤੇ ਝੋਨਾ ਵੱਧ ਤੋਲਿਆ ਜਾ ਰਿਹਾ ਹੈ। ਇਸ ਲੁੱਟ ਖਿਲਾਫ ਜ਼ਿਲ੍ਹਾ ਅਫਸਰਾਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਖਿਲਾਫ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਕੇਤਕ ਤੌਰ ਤੇ ਜ਼ਿਲਾ ਮੰਡੀ ਦਫਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਦੇ ਨਾਮ ਮੰਗ ਪੱਤਰ ਡਿਪਟੀ ਜ਼ਿਲ੍ਹਾ ਮੰਡੀ ਅਫਸਰ ਮਨਪ੍ਰੀਤ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ਨੇ ਦੱਸਿਆ ਕਿ ਲੌਂਗੋਵਾਲ ਮੰਡੀ ਵਿੱਚ 'ਕਿਸਾਨ ਟ੍ਰੇਡਿੰਗ ਕੰਪਨੀ' ਵੱਲੋਂ ਕਿਸਾਨ ਦਾ ਝੋਨਾ ਪ੍ਰਤੀਬੋਰੀ 300 ਗ੍ਰਾਮ ਵੱਧ ਤੋਲਿਆ ਗਿਆ ਉਸ ਦਾ ਲਾਇਸੈਂਸ ਕੈਂਸਲ ਨਹੀਂ ਕੀਤਾ ਗਿਆ ਸਿਰਫ ਜੁਰਮਾਨਾ ਲਾ ਕੇ ਛੱਡ ਦਿੱਤਾ ਗਿਆ। ਇਸੇ ਤਰ੍ਹਾਂ ਸ਼ੇਰਪੁਰ ਮੰਡੀ ਵਿੱਚ ਇੱਕ ਹਫਤਾ ਪਹਿਲਾਂ ਕਈ ਆੜਤੀਏ ਵੱਧ ਤੋਲਦੇ ਫੜੇ ਗਏ ਸਨ ਉਹਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਬਾਕੀ ਮੰਡੀਆਂ ਵਿੱਚ ਵੀ ਕਥਿਤ ਤੌਰ ਤੇ ਕੰਡੇ ਨਿਰਧਾਰਤ ਮਾਪਦੰਡਾਂ ਤੋਂ ਵੱਧ ਵਜ਼ਨ ਤੇ ਬੰਨੇਂ ਗਏ ਹਨ, ਜਿਨਾਂ ਦੀ ਜ਼ਿਲਾ ਅਧਿਕਾਰੀਆਂ ਵੱਲੋਂ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ। ਇਸ ਤਰ੍ਹਾਂ ਲੱਗਦਾ ਹੈ ਕਿ ਇਸ ਸਰਕਾਰ ਨੇ ਕਿਸਾਨਾਂ ਦੀ ਲੁੱਟ ਕਰਨ ਲਈ ਆੜਤੀਆਂ ਨੂੰ ਅਤੇ ਠੱਗਾਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ ਕੋਈ ਵੀ ਅਧਿਕਾਰੀ ਮੰਡੀ ਵਿੱਚ ਜਾ ਕੇ ਇਸ ਠੱਗੀ ਨੂੰ ਨਹੀਂ ਰੋਕ ਰਿਹਾ। ਆਗੂਆਂ ਨੇ ਦੱਸਿਆ ਕਿ ਅੱਜ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਹੈ ਕਿ ਵੱਧ ਤੋਲਣ ਵਾਲੇ ਆੜਤੀਆਂ ਦੇ ਲਾਇਸੰਸ ਕੈਂਸਲ ਕੀਤੇ ਜਾਣ, ਉਹਨਾਂ ਨੂੰ ਘੱਟੋ ਘੱਟ 1 ਲੱਖ ਰੁਪਏ ਜੁਰਮਾਨਾ ਕੀਤਾ ਜਾਵੇ, ਜਿਣਸ ਦੀ ਤੁਲਾਈ ਇਲੈਕਟਰੋਨਿਕ ਕੰਡਿਆਂ ਨਾਲ ਕਰਨੀ ਯਕੀਨੀ ਬਣਾਈ ਜਾਵੇ, ਤੁਲਾਈ ਰਾਤ ਦੀ ਬਜਾਏ ਸਵੇਰ ਸਮੇਂ ਕੀਤੀ ਜਾਵੇ,ਆੜਤ ਦੀ ਲਾਇਸੰਸ ਫੀਸ ਜੋ ਇਸ ਸਮੇਂ ਸਿਰਫ 1000 ਪ੍ਰਤੀ ਸਾਲ ਹੈ ਵਿੱਚ ਵਾਧਾ ਕੀਤਾ ਜਾਵੇ ਅਤੇ ਸਿਕਿਉਰਟੀ ਵਧਾਈ ਜਾਵੇ, ਜਿਸ ਮੰਡੀ ਵਿੱਚ ਕੰਡੇ ਨਿਰਧਾਰਤ ਤੋਂ ਵੱਧ ਮਾਪਦੰਡ ਤੇ ਚੱਲ ਰਹੇ ਹਨ ਉਸਦੇ ਸੁਪਰਵਾਈਜ਼ਰ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਖੁਦ ਜਾ ਕੇ ਮੰਡੀਆਂ ਵਿੱਚ ਚੈਕਿੰਗ ਕਰਨਗੇ। ਮੰਗਲਵਾਰ 14 ਨਵੰਬਰ ਨੂੰ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਸ਼ੇਰਪੁਰ ਦੀਆਂ ਮੰਡੀਆਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਲੌਂਗੋਵਾਲ ਦੀਆਂ ਮੰਡੀਆਂ ਵਿੱਚ ਅਧਿਕਾਰੀ ਜਾਣਗੇ।  
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024