ਬਾਲਾਘਾਟ/ਚੰਡੀਗੜ੍ਹ-ਮੱਧ ਪ੍ਰਦੇਸ਼ ਦੇ ਕਟੰਗੀ ਇਲਾਕੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ ਕੀਤਾ। ਜਾਣਕਾਰੀ ਮੁਤਾਬਕ ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਭਾਰੀ ਭੀੜ ਮੱਧ ਪ੍ਰਦੇਸ਼ ’ਚ ਬਦਲਾਅ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਿਹਤ ਖਰਾਬ ਹੋਣ ਕਾਰਨ ਅੱਜ ਉਨ੍ਹਾਂ ਨਾਲ ਸ਼ਾਮਲ ਨਹੀਂ ਹੋ ਸਕੇ, ਪਰ 3 ਦਸੰਬਰ ਨੂੰ ਉਹ ਕਟੰਗੀ ਦੇ ਲੋਕਾਂ ਨਾਲ ਜਿੱਤ ਦਾ ਜਸ਼ਨ ਮਨਾਉਣਗੇ। ਸ੍ਰੀ ਮਾਨ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਲੋਕਾਂ ਨਾਲ ਝੂਠ ਤੇ ਜੁਮਲੇਬਾਜ਼ੀ ਤੋਂ ਸਿਵਾਏ ਕੁਝ ਨਹੀਂ ਕਰਦੀਆਂ ਹਨ, ਜਦੋਂ ਕਿ ‘ਆਪ’ ਆਪਣੇ ‘ਝਾੜੂ’ ਨਾਲ ਦੇਸ਼ ਦੀ ਸਿਆਸੀ ਗੰਦਗੀ ਨੂੰ ਸਾਫ਼ ਕਰਨ ਵਿੱਚ ਲੱਗੀ ਹੋਈ ਹੈ। ਮੱਧ ਪ੍ਰਦੇਸ਼ ਵਿੱਚ ਗਰੀਬਾਂ ਦੇ ਬੱਚਿਆਂ ਨੂੰ ਸਿੱਖਿਆ ਨਹੀਂ ਮਿਲਦੀ, ਆਮ ਲੋਕਾਂ ਨੂੰ ਚੰਗਾ ਇਲਾਜ, ਸਾਫ਼ ਪਾਣੀ, ਬਜਿਲੀ ਆਦਿ ਨਹੀਂ ਮਿਲਦਾ। ਜਦੋਂ ਕਿ ਪੰਜਾਬ ਤੇ ਦਿੱਲੀ ’ਚ ਲੋਕਾਂ ਕੋਲ ਚੰਗੇ ਸਰਕਾਰੀ ਸਕੂਲ ਅਤੇ ਹਸਪਤਾਲ ਹਨ, ਸਾਫ਼ ਪਾਣੀ ਹੈ ਅਤੇ ਪੰਜਾਬ ਦੇ 90 ਫੀਸਦੀ ਘਰਾਂ ਨੂੰ ਬਜਿਲੀ ਦਾ ਬਿੱਲ ਜ਼ੀਰੋ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਕੋਲ ਕੁਦਰਤੀ ਸਰੋਤਾਂ ਸਣੇ ਸਭ ਕੁਝ ਹੈ, ਪਰ ਉਨ੍ਹਾਂ ਕੋਲ ਇਮਾਨਦਾਰ ਸਿਆਸਤਦਾਨ ਅਤੇ ਚੰਗੀ ਸਰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਤੇਂਦਰ ਜੈਨ ਨੇ ਦਿੱਲੀ ਵਿਚ ਸਿਹਤ ਕ੍ਰਾਂਤੀ ਲਿਆਂਦੀ, ਮੋਦੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।