ਭਵਾਨੀਗੜ੍ਹ/ਸੰਗਰੂਰ-ਇਜ਼ਰਾਈਲ ਵੱਲੋਂ ਫਲਸਤੀਨ ਉੱਪਰ ਕੀਤੇ ਜਾ ਰਹੇ ਜੰਗੀ ਹਮਲੇ ਦੇ ਖਿਲਾਫ਼ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ (ਆਈ ਡੀ ਪੀ) ਵੱਲੋਂ 17 ਨਵੰਬਰ 2023 ਨੂੰ ਨਹਿਰੂ ਪਾਰਕ ਪਟਿਆਲਾ ਵਿਖੇ ਇੱਕਠੇ ਹੋਕੇ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫੈਸਲਾ ਇੱਥੇ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਵਿਖੇ ਆਈ ਡੀ ਪੀ ਦੀ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਇਸ ਮੌਕੇ ਮੀਟਿੰਗ 'ਚ ਵਿਸ਼ੇਸ਼ ਤੌਰ ਪਹੁੰਚੇ ਆਈ ਡੀ ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਹਮਾਸ ਉਪਰ ਹਮਲੇ ਦੇ ਨਾਂ ਹੇਠ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਗਾਜਾ ਪੱਟੀ ਵਿੱਚ ਲੋਕਾਂ ਲਈ ਖਾਣ ਪੀਣ ਵਾਲੇ ਸਮਾਨ ਨੂੰ ਰੋਕ ਕੇ ਅਤੇ ਹਸਪਤਾਲਾਂ, ਸਕੂਲਾਂ, ਵਿੱਦਿਅਕ ਅਦਾਰਿਆਂ, ਰਿਹਾਇਸ਼ੀ ਇਲਾਕਿਆਂ, ਐਂਬੂਲੈਂਸਾਂ ਅਤੇ ਰਾਹਤ ਸਮੱਗਰੀ ਵਾਲੀਆਂ ਥਾਵਾਂ ਉੱਪਰ ਜਮੀਨੀ ਤੇ ਹਵਾਈ ਹਮਲੇ ਕਰਕੇ ਹੁਣ ਤੱਕ ਬੱਚਿਆਂ, ਔਰਤਾਂ ਸਮੇਤ ਤਕਰੀਬਨ 11000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਯੂ ਐਨ ਓ ਵਿੱਚ ਪੰਜ ਦੇਸ਼ਾਂ ਨੂੰ ਮਿਲੀ ਵੀਟੋ ਪਾਵਰ ਖਤਮ ਕੀਤੀ ਜਾਵੇ ਤਾਂ ਕਿ ਏਕਾ ਅਧਿਕਾਰ ਖਤਮ ਕਰਕੇ ਕੌਮਾਂਤਰੀ ਸੰਸਥਾ ਜਮਹੂਰੀ ਫੈਸਲੇ ਲੈਣ ਦੇ ਸਮਰੱਥ ਹੋ ਸਕੇ।