ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ 20 ਨਵੰਬਰ ਨੂੰ ਹੋਵੇਗੀ ਅਤੇ ਬੈਠਕ ’ਚ ਕਈ ਅਹਿਮ ਫ਼ੈਸਲੇ ਹੋਣਗੇ। ਜਾਣਕਾਰੀ ਮੁਤਾਬਕ ਇਸ ਬੈਠਕ ’ਚ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਇਸੇ ਮਹੀਨੇ ਜਾ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਸੱਦੇ ਜਾਣ ਦੀਆਂ ਤਰੀਕਾਂ ਬਾਰੇ ਅੰਤਮ ਫ਼ੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੁਪ੍ਰੀਮ ਕੋਰਟ ਵਲੋਂ ਪੰਜਾਬ ਸਰਕਾਰ ਦੇ ਹੱਕ ’ਚ ਫ਼ੈਸਲਾ ਕਰਨ ਬਾਅਦ ਇਹ ਇਜਲਾਸ ਸਦਿਆ ਜਾ ਰਿਹਾ ਹੈ। ਬਜਟ ਸੈਸ਼ਨ ਉਠਾਏ ਜਾਂ ਤੋਂ ਬਾਅਦ ਹੁਣ ਇਹ ਪੂਰਾ ਸੈਸ਼ਨ ਹੋਏਗਾ। ਮੰਤਰੀ ਮੰਡਲ ਦੀ ਮੀਟਿੰਗ ’ਚ ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਮਸਲਿਆਂ ’ਤੇ ਚਰਚਾ ਕਰ ਕੇ ਵੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਸਮੇ ਸੂਬੇ ਦੇ ਦਫ਼ਤਰੀ ਮੁਲਾਜ਼ਮ 21 ਨਵੰਬਰ ਤੱਕ ਕਲਮ ਛੋੜ ਹੜਤਾਲ ’ਤੇ ਚਲ ਰਹੇ ਹਨ। ਇਸ ਮੀਟਿੰਗ ’ਚ ਵਿੱਤੀ ਮਾਮਲਿਆਂ ’ਤੇ ਚਰਚਾ ਤੋਂ ਇਲਾਵਾ ਕੁਝ ਹੋਰ ਨਵੇਂ ਫ਼ੈਸਲਿਆਂ ’ਤੇ ਵੀ ਵਿਚਾਰ ਵਟਾਂਦਰਾ ਹੋਏਗਾ ਭਾਵੇਂ ਕਿ ਹਾਲੇ ਮੀਟਿੰਗ ਦਾ ਫ਼ਾਈਨਲ ਏਜੰਡਾ ਤੈਅ ਨਹੀਂ ਅਤੇ ਮੌਕੇ ’ਤੇ ਹੀ ਨਵੇਂ ਮਸਲੇ ਵਿਚਾਰੇ ਜਾ ਸਕਦੇ ਹਨ।