International

100 ਸਾਲ ਪਹਿਲਾਂ ਘਰ-ਦੁਆਰੇ ਛੱਡ ਫੀਜ਼ੀ ’ਚ ਕੰਮ ਕਰਦਿਆਂ ਬਣਾ ਗਏ ਗੁਰਦੁਆਰੇ

  • Punjabi Bulletin
  • Nov 19, 2023
100 ਸਾਲ ਪਹਿਲਾਂ ਘਰ-ਦੁਆਰੇ ਛੱਡ ਫੀਜ਼ੀ ’ਚ ਕੰਮ ਕਰਦਿਆਂ ਬਣਾ ਗਏ ਗੁਰਦੁਆਰੇ
  • 87 views
ਔਕਲੈਂਡ-ਪੰਜਾਬ ਤੋਂ ਲਗਪਗ 12000 ਕਿਲੋਮੀਟਰ ਦੂਰ ਸਮੁੰਦਰੀ ਟਾਪੂ ਫੀਜ਼ੀ ਦੇ ਵਿਚ ਜਦੋਂ ਪਹਿਲੀ ਵਾਰ 463 ਭਾਰਤੀਆਂ ਨੇ 15 ਮਈ 1879 ਨੂੰ ਲੀਓਨੀਦਾਸ ਸਮੁੰਦਰੀ ਜ਼ਹਾਜ਼ ਦੇ ਰਾਹੀਂ ਪੈਰ ਧਰਿਆ ਤਾਂ ਸੋਚ ਕੇ ਵੇਖੋ ਕਿ ਕਿਹੜੇ ਸੁਪਨੇ ਲੈ ਕੇ ਬੇਗਾਨੇ ਮੁਲਕ, ਬਿਨਾਂ ਕਿਸੇ ਰੈਣ ਬਸੇਰੇ ਦੇ ਪਹੁੰਚੇ ਹੋਣਗੇ। ਫਿਰ 11 ਨਵੰਬਰ 1916 ਤੱਕ ਇਹ ਵਰਤਾਰਾ ਸਮੁੰਦਰੀ ਜਹਾਜ਼ਾਂ ਰਾਹੀਂ ਚੱਲਿਆ, ਕਿਉਂਕਿ ਉਥੇ ਕਾਮੇ ਚਾਹੀਦੇ ਸਨ ਅਤੇ 60,000 ਤੋਂ ਵੱਧ ਭਾਰਤੀ ਲੋਕ ਫਿਰ ਸਮੁੰਦਰੀ ਰਸਤੇ ਪਹੁੰਚੇ। ਇਨ੍ਹਾਂ ਦੇ ਵਿਚ ਸਿੱਖਾਂ ਦੀ ਗਿਣਤੀ ਵੀ ਵੱਡੀ ਮਾਤਰਾ ਵਿਚ ਸ਼ਾਮਿਲ ਹੋ ਗਈ। ਅਖੀਰ ਵੇਲੇ ਤੱਕ ਸਮੁੰਦਰੀ ਜ਼ਹਾਜਾਂ ਦੇ ਨਾਂਅ ਵੀ ਫਾਜ਼ਿਲਕਾ, ਸਤਲੁਜ ਅਤੇ ਚਨਾਬ ਆਦਿ ਰੱਖ ਲਏ ਗਏ ਸਨ। ਸਿੱਖ ਰੁਜ਼ਗਾਰ ਵਾਸਤੇ ਘਰੋਂ ਬਾਹਰ ਨਿਕਲ ਕੇ ਜਿੱਥੇ ਮਿਹਨਤ ਮੁਸ਼ੱਕਤ ਨਾਲ ਆਪਣਾ ਰੈਣ ਬਸੇਰਾ ਬਣਾ ਲੈਂਦੇ ਹਨ, ਉਥੇ ਉਦਮ ਕਰਕੇ ਨਾਲ ਹੀ ਸੰਗਤ ਦੇ ਸਹਿਯੋਗ ਨਾਲ ਗੁਰੂ ਰਾਮਦਾਸ ਪਾਤਿਸ਼ਾਹ ਦੀ ਬਖਸ਼ਿਸ਼ ਕਿ ਸਿੱਖ ਦਾ ਘਰ ਭਾਵੇਂ ਕੱਚਾ ਰਹਿ ਜਾਏ, ਪਰ ਉਹ ਗੁਰੂ ਦਾ ਘਰ ਪੱਕਾ ਸੁੰਦਰ ਅਤੇ ਵੱਡਾ ਵੇਖਣਾ ਚਾਹੁੰਦਾ ਹੈ, ਦੇ ਜ਼ਜਬੇ ਨੂੰ ਵੀ ਅਮਲੀ ਰੂਪ ਦੇ ਦਿੰਦੇ ਹਨ। ਅਜਿਹੇ ਹੀ ਜ਼ਜਬਿਆਂ ਦੇ ਵਿਚੋਂ ਫੀਜ਼ੀ ਵਿਖੇ ਉਸ ਵੇਲੇ ਗਏ ਸਿੱਖਾਂ ਨੇ 1923 ਦੇ ਵਿਚ ਪਹਿਲਾ ਗੁਰਦੁਆਰਾ ਸਾਹਿਬ ਦੇਸ਼ ਦੀ ਰਾਜਧਾਨੀ ਸੁਵਾ ਵਿਖੇ ਸ਼ਹਿਰ ਸਾਮਾਬੁੱਲਾ ਦੀ ਇਕ ਟੀਸੀ ਉਤੇ ਸਥਾਪਿਤ ਕਰ ਲਿਆ ਸੀ। ਵਾਹ! ਵਾਹ!! ਮੂੰਹੋਂ ਨਿਕਲਦਾ ਹੈ, ਇਨ੍ਹਾਂ ਸਿੱਖਾਂ ਲਈ। ਕੈਸੀ ਕਮਾਲ ਕੀਤੀ ਇਨ੍ਹਾਂ ਸਿੱਖਾਂ ਨੇ ਕਿ ਆਪਣੇ ਘਰ-ਦੁਆਰੇ ਛੱਡ ਕੇ ਫੀਜ਼ੀ ਗਏ ਅਤੇ ਉਥੇ ਜਾ ਕੇ ਨਿਸ਼ਾਨ ਸਾਹਿਬ ਝੁਲਾਅ ਦਿੱਤੇ ਆਲੀਸ਼ਾਨ ਗੁਰਦੁਆਰੇ ਬਣਾ ਦਿੱਤੇ।
ਸੰਖੇਪ ਇਤਿਹਾਸ ਗੁਰਦੁਆਰਾ ਸਾਹਿਬ ਬਾਰੇ: ਗੁਰਦੁਆਰਾ ਸਾਹਿਬ ਦਾ ਮੁੱਢਲਾ ਰੂਪ ਗ੍ਰੀਕ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਸੀ ਅਤੇ ਇਹ ਲੱਕੜ ਦਾ ਸੀ। ਦੇਸ਼ ਦੇ ਮੁਖੀ ਦੇ ਨਾਂਅ ਬੋਲਣ ਵਾਲੀ ਇਹ ਜ਼ਮੀਨ ਪਹਿਲਾਂ ਪਟੇ ’ਤੇ ਲਈ ਸੀ ਜੋ ਬਾਅਦ ਵਿਚ ਇਕ ਪੌਂਡ ਦੇ ਕੇ ਗੁਰਦੁਆਰਾ ਸਾਹਿਬ ਦੇ ਨਾਂਅ ’ਤੇ ਕੀਤੀ ਗਈ। ਇਹ ਜਗ੍ਹਾ ਸਮੁੰਦਰੀ ਤੱਟ ਤੋਂ ਨੇੜੇ ਅਤੇ ਟੀਸੀ ਉਤੇ ਹੋਣ ਕਰਕੇ ਸਾਰਾ ਸੀਮਿੰਟ, ਇੱਟਾਂ ਅਤੇ ਹੋਰ ਸਾਮਾਨ ਸੇਵਾਦਾਰਾਂ ਨੇ ਸਿਰਾਂ ’ਤੇ ਅਤੇ ਪਿੱਠਾਂ ਉਤੇ ਢੋਅ ਕੇ ਨਿਰਮਾਣ ਕਾਰਜ ਪੂਰੇ ਕੀਤੇ। ਸੰਗਤ ਨੇ ਉਗਰਾਹੀ ਵੀ ਕੀਤੀ ਅਤੇ ਇਕ ਲੰਬੀ ਚੜ੍ਹਾਈ ਚੜ੍ਹਦੀਆਂ ਪੌੜੀਆਂ ਦਾ ਨਿਰਮਾਣ ਕੀਤਾ। ਸ਼ਾਮ ਤੱਕ ਕੰਮ ਕਰਕੇ ਸਾਰੇ ਸੇਵਾਦਾਰ ਦੂਰ-ਦੁਰਾਡੇ ਆਪਣੇ ਘਰਾਂ ਵਿਚ ਜਾਂਦੇ ਸਨ। 1960 ਦੇ ਵਿਚ ਗੁਰਦੁਆਰਾ ਸਾਹਿਬ ਦਾ ਵਿਸਥਾਰ ਕੀਤਾ ਗਿਆ। ਲਗਪਗ 1200 ਪੌਂਡ ਦਾ ਖਰਚਾ ਹੋਇਆ। 1990 ਦੇ ਵਿਚ ਲੰਗਰ ਹਾਲ ਬਣਾਇਆ ਗਿਆ। 1950 ਅਤੇ 60 ਵੇਲੇ ਜਦੋਂ ਹੜ੍ਹ ਅਤੇ ਤੁਫਾਨ ਆਦਿ ਨਾਲ ਵੱਡੇ ਨੁਕਸਾਨ ਹੋਏ ਤਾਂ ਗੁਰਦੁਆਰਾ ਸਾਹਿਬ ਦੀ ਬਾਉਲੀ ਤੋਂ ਪਾਣੀ ਦੀ ਵਰਤੋਂ ਨਾਲ ਲਗਦੇ ਖੇਤਰਾਂ ਤੱਕ ਕੀਤੀ ਗਈ। 1947 ਵੇਲੇ ਇਥੇ ਦੇ ਸਿੱਖਾਂ ਨੇ ਭਾਰਤ ਦੇ ਸਿੱਖਾਂ ਦੀ ਮਦਦ ਵਾਸਤੇ ਮਾਇਕ ਸਹਾਇਤਾ ਵੀ ਭੇਜੀ। ਜਦੋਂ ਭਾਰਤ ਤੋਂ ਸਮੁੰਦਰੀ ਜਹਾਜ਼ਾਂ ਵਿਚ ਭਾਰਤੀ ਆਉਂਦੇ ਤਾਂ, ਨਾ ਤਾਂ ਉਨ੍ਹਾਂ ਕੋਲ ਪੈਸਾ ਹੁੰਦਾ ਅਤੇ ਨਾ ਹੀ ਰਹਿਣ ਲਈ ਥਾਂ। ਉਸ ਵੇਲੇ ਗੁਰਦੁਆਰਾ ਸਾਹਿਬ ਨੇ ਭੋਜਨ ਅਤੇ ਰਿਹਾਇਸ਼ ਦਿੱਤੀ। 1922 ਦੇ ਵਿਚ ਅਸਥਾਈ ਗੁਰਦੁਆਰਾ ਸਾਹਿਬ ਵਿਖੇ ਜਦੋਂ 500 ਭਾਰਤੀ ਸਮੁੰਦਰੀ ਜਹਾਜ਼ ਰਾਹੀਂ ਆਏ ਤਾਂ ਇਨ੍ਹਾਂ ਵਿਚ ਭਾਈ ਚੰਨਣ ਸਿੰਘ ਵੀ ਸਨ ਜੋ ਪਹਿਲੇ ਗ੍ਰੰਥੀ ਸਿੰਘ ਅਖਵਾਏ। ਸ. ਸੰਪੂਰਨ ਸਿੰਘ ਨਿੱਜਰ ਪਿੰਜ ਭਾਰਾਪੁਰ ਵਾਲੇ ਉਸ ਵੇਲੇ ਪ੍ਰਬੰਧਕ ਸਨ। ਦੂਸਰੀ ਵਿਸ਼ਵ ਜੰਗ (1942-44) ਦੌਰਾਨ ਜਦੋਂ ਫੀਜ਼ੀ ਅਤੇ ਪੈਸੇਫਿਕ ਲੋਕ ਲੜਾਈ ਲੜ ਰਹੇ ਸਨ ਤਾਂ ਜਾਪਾਨੀ ਫੌਜਾਂ ਨੇ ਆਧੁਨਿਕਾਂ ਹਥਿਆਰਾਂ ਦੀ ਵਰਤੋਂ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਥੇ ਰਹਿੰਦੇ ਸਿੱਖਾਂ ਦੀ ਸੁਰੱਖਿਆ ਲਈ ਬੰਕਰ (ਬੰਬ ਸ਼ੈਲਟਰ) ਬਣਾਇਆ ਗਿਆ।  1990 ਦੇ ਵਿਚ ਰਸਮੀ ਤੌਰ ਉਤੇ ਫੀਜ਼ੀ ਸਿੱਖ ਐਸੋਸੀਏਸ਼ਨ ਬਣਾਈ ਗਈ। ਅੱਜ ਗੁਰਦੁਆਰਾ ਸਾਹਿਬ ਸਾਮਾਬੁੱਲਾ ਦੀ 100ਵੀਂ ਵਰ੍ਹੇਗੰਢ (ਸ਼ਤਾਬਦੀ) ਸਮਾਗਮਾਂ ਦੀ ਸ਼ੁਰੂਆਤ ਮੌਕੇ ਬਹੁਤ ਹੀ ਸੁੰਦਰ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਹ ਸ਼ਤਾਬਦੀ ਸਮਾਗਮ 26 ਨਵੰਬਰ ਤੱਕ ਜਾਰੀ ਰਹਿਣੇ ਹਨ।
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024