ਜਲੰਧਰ-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਦੀ ਸੁਣਵਾਈ ਨਾ ਕਰਨ ’ਤੇ ਵੀਰਵਾਰ ਦੁਪਹਿਰੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ, ਜਿਸ ਨਾਲ ਟਰੇਨਾਂ ਦੀ ਆਵਾਜਾਈ ਰੁਕ ਗਈ। ਰੇਲ ਪ੍ਰਸ਼ਾਸਨ ਨੇ ਵੀ ਅਹਿਤਿਆਤ ਵਜੋਂ ਟਰੇਨਾਂ ਨੂੰ ਰੋਕ ਦਿੱਤਾ। ਜਲੰਧਰ ਕੈਂਟ ਰੇਲਵੇ ਸਟੇਸ਼ਨ ਨੇੜੇ ਸਥਿਤ ਧੰਨੋਵਾਲੀ ਰੇਲਵੇ ਫਾਟਕ ’ਤੇ ਧਰਨੇ ਕਾਰਨ ਅੰਮ੍ਰਿਤਸਰ ਅਤੇ ਜੰਮੂ ਵੱਲ ਜਾਣ ਵਾਲੀਆਂ ਟਰੇਨਾਂ ਜ਼ਿਆਦਾ ਪ੍ਰਭਾਵਿਤ ਹੋਈਆਂ। ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਮੁਤਾਬਕ ਕਿਸਾਨਾਂ ਦੇ ਧਰਨੇ ਕਾਰਨ 25 ਟਰੇਨਾਂ ਨੂੰ ਰੱਦ ਕਰਨਾ ਪਿਆ, ਜਦੋਂ ਕਿ 9 ਨੂੰ ਸ਼ਾਰਟ ਟਰਮੀਨੇਟ ਅਤੇ 15 ਨੂੰ ਰੂਟ ਡਾਇਵਰਟ ਕਰਕੇ ਚਲਾਇਆ ਗਿਆ। ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਦੁਪਹਿਰ ਨੂੰ ਫਗਵਾੜਾ ਸਟੇਸ਼ਨ ਤੱਕ ਆਈ, ਜਿਸ ਨੂੰ ਸ਼ਾਮੀਂ ਲੁਧਿਆਣਾ ਤੋਂ ਨਵੀਂ ਦਿੱਲੀ ਲਈ ਚਲਾਇਆ ਗਿਆ, ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਰੇਲਾਂ ਦੀ ਆਵਾਜਾਈ ਰੁਕਣ ਕਾਰਨ ਯਾਤਰੀ ਕਾਫੀ ਪ੍ਰੇਸ਼ਾਨ ਦਿਸੇ। ਪੁੱਛਗਿੱਛ ਕੇਂਦਰ ਦੇ ਬਾਹਰ ਭਾਰੀ ਭੀੜ ਲੱਗੀ ਰਹੀ।