Punjab

ਕੌਮੀ ਸਿੱਖਿਆ ਨੀਤੀ ਪੰਜਾਬੀ ਭਾਸ਼ਾ ਲਈ ਮਾਰੂ : ਡਾ. ਸੁੱਖੀ

  • Punjabi Bulletin
  • Nov 29, 2023
ਕੌਮੀ ਸਿੱਖਿਆ ਨੀਤੀ ਪੰਜਾਬੀ ਭਾਸ਼ਾ ਲਈ ਮਾਰੂ : ਡਾ. ਸੁੱਖੀ
  • 108 views

ਚੰਡੀਗੜ੍ਹ-ਪੰਜਾਬ ਵਿੱਚ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਚੱਲ ਰਹੇ ਹਨ ਜਿਸ ਵਿੱਚ ਦੂਜੇ ਦਿਨ ਸਿਫ਼ਰ ਕਾਲ ਦੌਰਾਨ ਸੂਬੇ ’ਚ ਅਮਨ-ਕਾਨੂੰਨ ਵਿਵਸਥਾ ਅਤੇ ਪਾਣੀਆਂ ਦੇ ਮੁੱਦੇ ਛਾਏ ਰਹੇ। ਜਾਣਕਾਰੀ ਮੁਤਾਬਕ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਹੁਣ ਤਾਂ ਹਾਈ ਕੋਰਟ ਨੇ ਵੀ ਇਸ ਇੰਟਰਵਿਊ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਬਿਨਾਂ ਰਾਜਾ ਵੜਿੰਗ ਨੇ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਬੰਧੀ ਸਰਕਾਰ ਨੂੰ ਘੇਰਿਆ। ਡਾ. ਸੁੱਖੀ ਨੇ ਕੌਮੀ ਸਿੱਖਿਆ ਨੀਤੀ ਨੂੰ ਪੰਜਾਬੀ ਭਾਸ਼ਾ ਲਈ ਮਾਰੂ ਦੱਸਿਆ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਸੂਬਿਆਂ ਨੂੰ ਕੇਂਦਰ ਵੱਲੋਂ ਸਿਫ਼ਾਰਸ਼ ਕੀਤਾ 70 ਫ਼ੀਸਦ ਸਿਲੇਬਸ ਲਾਗੂ ਕਰਨਾ ਪਵੇਗਾ ਤੇ ਇਸ ਨੀਤੀ ਦਾ ਪੰਜਾਬੀ ’ਵਰਸਿਟੀ ਦੇ ਮੂਲ ਮਨੋਰਥ ’ਤੇ ਵੀ ਮਾੜਾ ਅਸਰ ਪਵੇਗਾ। ਵੜਿੰਗ ਨੇ ਸੂਬੇ ਦੇ ਸ਼ੈੱਲਰ ਮਾਲਕਾਂ ਨਾਲ ਫੋਰਟੀਫਾਈਡ ਚੌਲ ਨੂੰ ਲੈ ਕੇ ਹੋ ਰਹੀ ਜ਼ਿਆਦਤੀ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਜੰਮੂ-ਕਟੜਾ ਐਕਸਪ੍ਰੈੱਸ ਵੇਅ ਦੀ 15 ਫੁੱਟ ਤੱਕ ਦੀ ਉਚਾਈ ਨੂੰ ਖ਼ਤਰੇ ਦੀ ਘੰਟੀ ਦੱਸਿਆ। ਉਨ੍ਹਾਂ ਕਿਹਾ ਕਿ ਖੇਤਾਂ ’ਚੋਂ ਮਿੱਟੀ ਪੁੱਟ ਕੇ ਇਸ ਹਾਈਵੇਅ ਦੀ ਉਸਾਰੀ ਹੋ ਰਹੀ ਹੈ ਤੇ ਜ਼ਮੀਨਾਂ ਡੂੰਘੀਆਂ ਹੋ ਰਹੀਆਂ ਹਨ, ਜਿਸ ਨਾਲ ਹੜ੍ਹਾਂ ਦੀ ਮਾਰ ਹੋਰ ਵਧੇਗੀ।  ‘ਆਪ’ ਵਿਧਾਇਕ ਨੀਨਾ ਮਿੱਤਲ ਨੇ ਰਾਜਪੁਰਾ ਵਿੱਚ ਸਨਅਤੀ ਪਾਰਕ ਲਈ ਐਕੁਆਇਰ ਜ਼ਮੀਨ ਦਾ ਮੁੱਦਾ ਚੁੱਕਦਿਆਂ ਇਸ ਜ਼ਮੀਨ ਨੂੰ ਸਰਕਾਰ ਅਧੀਨ ਲਿਆਉਣ ਦੀ ਮੰਗ ਕੀਤੀ।  ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਸੂਬੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਸ਼ਹਿਰੀ ਖੇਤਰ ਵਿੱਚ ਬਿਨਾਂ ਵਰਤੇ ਪਏ 198 ਕਰੋੜ ਦੇ ਫੰਡਾਂ ਦਾ ਮੁੱਦਾ ਉਭਾਰਿਆ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਫ਼ੰਡਾਂ ਨੂੰ ਵਰਤੇ। ਉਨ੍ਹਾਂ ਆਖਿਆ ਕਿ ਨਵੀਂ ਸਿੱਖਿਆ ਨੀਤੀ ਮਾਤ ਭਾਸ਼ਾ ਲਈ ਕਿਸੇ ਵੀ ਤਰ੍ਹਾਂ ਮਾਰੂ ਨਹੀਂ ਹੈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪਰਾਲੀ ਦੇ ਪ੍ਰਬੰਧਨ ਦਾ ਹੱਲ ਦੱਸਿਆ, ਜਦਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਸ਼ਹਿਰੀ ਖੇਤਰਾਂ ਵਿੱਚ ਐਲਈਡੀ ਲਾਈਟਾਂ ਦੀਆਂ ਸਪੈਸੀਫਿਕੇਸ਼ਨਾਂ ’ਚ ਹੁੰਦੀ ਕੁਤਾਹੀ ਦਾ ਮੁੱਦਾ ਉਭਾਰਿਆ।  


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024