ਚੰਡੀਗੜ੍ਹ-ਸੂਬਾ ਸਰਕਾਰ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਹੈ ਇਹ ਸ਼ਬਦ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਹੇ। ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ ਕਿ ਜੀਐੱਸਟੀ ਸੋਧ ਬਿੱਲ ਨਾਲ ਪੰਜਾਬ ਦਾ ਮਾਲੀਆ ਵਧੇਗਾ ਅਤੇ ਲੋਕਾਂ ਨੂੰ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚੋਂ ਖਰੀਦਦਾਰੀ ਕਰ ਕੇ ਵੀ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਖਰੀਦਦਾਰੀ ਕਰਨ ਲਈ ਕੋਡ 03 ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਤੋਂ ਬਾਹਰ ਵਸਤਾਂ ਖਰੀਦਣ ਲਈ 03 ਕੋਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਖਰੀਦਦਾਰੀ ਸਮੇਂ ਲੱਗਣ ਵਾਲੇ ਟੈਕਸ ਦਾ ਪੈਸਾ ਪੰਜਾਬ ਸਰਕਾਰ ਦੇ ਖਾਤੇ ਵਿੱਚ ਆਵੇਗਾ। ਸ੍ਰੀ ਕੰਗ ਨੇ ਮਾਨ ਸਰਕਾਰ ਦੇ ਵਨ ਟਾਈਮ ਸੈਟਲਮੈਂਟ ਸਕੀਮ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ, ਜਿਸ ਤਹਿਤ ਇੱਕ ਲੱਖ ਰੁਪਏ ਤੱਕ ਦੇ ਪੁਰਾਣੇ ਬਿੱਲਾਂ ’ਤੇ ਪੂਰਾ ਟੈਕਸ, ਵਿਆਜ਼ ਤੇ ਜੁਰਮਾਨਾ ਮੁਆਫ ਕਰ ਕੇ ਲਗਪਗ 95 ਫੀਸਦ ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਸ ਕਦਮ ਨਾਲ ਪੰਜਾਬ ਦੇ ਛੋਟੇ ਵਪਾਰੀਆਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ ਅਤੇ ਸਰਕਾਰ ਦੀ ਟੈਕਸ ਵਸੂਲੀ ਵੀ ਵਧੇਗੀ।