ਚੰਡੀਗੜ੍ਹ-ਸ਼ੋਮਣੀ ਅਕਾਲੀ ਦਲ ਪਾਰਟੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅਕਾਲੀ ਪਾਰਟੀ ਦਾ ਬੇੜਾ ਹੁਣ ਡੁੱਬ ਚੁੱਕਾ ਹੈ। ਜਾਣਕਾਰੀ ਮੁਤਾਬਕ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਅਰਬੀ ਘੋੜਿਆਂ ਦੇ ਇੱਕ ਮਾਮਲੇ ’ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਤਿੱਖਾ ਹਮਲਾ ਕੀਤਾ ਅਤੇ ਮਜੀਠੀਆ ਨੂੰ ਅਰਬੀ ਘੋੜਿਆਂ ਬਾਰੇ ਜਾਣਕਾਰੀ 5 ਦਸੰਬਰ ਤੱਕ ਦੇਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਣਕਾਰੀ ਨਾ ਦਿੱਤੀ ਤਾਂ ਉੁਹ ਇਸ ਮਾਮਲੇ ਨੂੰ ਜਨਤਕ ਕਰਨਗੇ। ਮੁੱਖ ਮੰਤਰੀ ਨੇ ਪਿਛਲੇ ਕੁੱਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਨੇ ਇੱਥੇ ਮਿਊਂਸਿਪਲ ਭਵਨ ਵਿੱਚ 251 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਸਬੰਧੀ ਸਮਾਗਮ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਡੁੱਬ ਚੁੱਕਾ ਹੈ ਅਤੇ ਹੁਣ ਤਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਦੀ ਸੁਰ ਵੀ ਆਪਸ ਵਿੱਚ ਨਹੀਂ ਮਿਲਦੀ।