ਓਟਵਾ-ਕੈਨੇਡਾ ਵਿੱਚ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਤੇ ਰੇਡੀਓ 600 ਮੁਲਾਜ਼ਮਾਂ ਦੀ ਛਾਂਗੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ 200 ਹੋਰ ਖਾਲੀ ਅਸਾਮੀਆਂ ਨੂੰ ਵੀ ਪੁਰ ਨਹੀਂ ਕੀਤਾ ਜਾਵੇਗਾ ਕਿਉਂਕਿ ਕੰਪਨੀ ਕੋਲ 125 ਮਿਲੀਅਨ ਡਾਲਰ ਬਜਟ ਘੱਟ ਹੈ। ਪਬਲਿਕ ਬ੍ਰੌਡਕਾਸਟਰ ਨੇ ਸੋਮਵਾਰ ਨੂੰ ਆਖਿਆ ਕਿ ਸੀਬੀਸੀ ਤੇ ਰੇਡੀਓ-ਕੈਨੇਡਾ ਦੋਵਾਂ ਵੱਲੋਂ 250 ਮੁਲਾਜ਼ਮਾਂ ਦੀ ਛਾਂਗੀ ਕੀਤੀ ਜਾਵੇਗੀ। ਇਹ ਛਾਂਗੀਆਂ ਕਾਰਪਰੇਟ ਡਵੀਜ਼ਨਾਂ ਜਿਵੇਂ ਕਿ ਤਕਨਾਲੋਜੀ ਤੇ ਇਨਫਰਾਸਟਰਕਚਰ ਤੋਂ ਕੀਤੀਆਂ ਜਾਣਗੀਆਂ। ਕੁੱਝ ਕਟੌਤੀਆਂ ਫੌਰੀ ਲਾਗੂ ਹੋਣਗੀਆਂ ਤੇ ਅਗਲੀਆਂ ਅਗਲੇ 12 ਮਹੀਨਿਆਂ ਵਿੱਚ ਲਾਗੂ ਹੋਣਗੀਆਂ। ਇਸ ਸਮੇਂ ਜਿਹੜੀਆਂ 200 ਖਾਲੀ ਅਸਾਮੀਆਂ ਹਨ ਉਨ੍ਹਾਂ ਨੂੰ ਖ਼ਤਮ ਹੀ ਕਰ ਦਿੱਤਾ ਜਾਵੇਗਾ। ਇਹ ਕਟੌਤੀਆਂ ਉਨ੍ਹਾਂ ਕਾਰਨਾਂ ਕਰਕੇ ਹੀ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਸਾਰੀਆਂ ਮੀਡੀਆ ਕੰਪਨੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰੋਡਕਸ਼ਨ ਦੀ ਲਾਗਤ ਵਿੱਚ ਹੋਣ ਵਾਲੇ ਵਾਧੇ, ਟੈਲੀਵਿਜ਼ਨ ਐਡਵਰਟਾਈਜਿੰਗ ਤੋਂ ਹੋਣ ਵਾਲੀ ਕਮਾਈ ਘਟਣ ਤੇ ਵੱਡੀਆਂ ਟੈਕਨੀਕਲ ਕੰਪਨੀਆਂ ਨਾਲ ਹੋਣ ਵਾਲੀ ਮੁਕਾਬਲੇਬਾਜ਼ੀ ਕਾਰਨ ਹੀ ਇਹ ਛਾਂਗੀਆਂ ਕਰਨੀਆਂ ਪੈ ਰਹੀਆਂ ਹਨ।